ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 8 ਅਕਤੂਬਰ
ਮੁਹਾਲੀ ਨਗਰ ਨਿਗਮ ਵੱਲੋਂ ਨਾਈਪਰ ਪੁਲ ਤੋਂ ਲੈ ਕੇ ਬਾਵਾ ਵਾਈਟ ਹਾਊਸ ਤੱਕ ਸੀਵਰੇਜ ਪਾਉਣ ਲਈ ਪੁੱਟੀ ਸੜਕ ਨੂੰ ਨਵੇਂ ਸਿਰਿਓਂ ਬਣਾਉਣ ਦਾ ਕੰਮ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ੁਰੂ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਕਟਰ-76 ਤੋਂ 80 ਵਿੱਚ ਟੁੱਟੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਿਟੀ ਪਾਰਕ ਸੈਕਟਰ-68 ਤੱਕ ਇਕ ਦੋ ਦਿਨਾਂ ਤੱਕ ਬੀਸੀ ਪਾਉਣ ਮਗਰੋਂ ਪ੍ਰੀਮਿਕਸ ਪਾ ਕੇ ਸੜਕ ਨੂੰ ਮੁਕੰਮਲ ਕਰਕੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਅਤੇ ਅਗਲੇ 10 ਦਿਨਾਂ ਤੱਕ ਕੁੰਭੜਾ ਚੌਕ ਤੱਕ ਸੜਕ ਨੂੰ ਮੁਕੰਮਲ ਕਰਕੇ ਲੋਕਾਂ ਲਈ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਨਿਗਮ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਇਹ ਕੰਮ ਥੋੜਾ ਲਟਕ ਜ਼ਰੂਰ ਗਿਆ ਹੈ ਪਰ ਹੁਣ ਇਸ ਕੰਮ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਾਰੇ ਵਿਰੋਧੀ ਕੌਂਸਲਰਾਂ ਦੇ ਵਾਰਡਾਂ ਵਿੱਚ ਬਿਨਾ ਪੱਖਪਾਤ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਬਨੂੜ ਦੇ ਛੇ ਵਾਰਡਾਂ ਵਿੱਚ ਵਿਕਾਸ ਕੰਮ ਸ਼ੁਰੂ
ਬਨੂੜ (ਪੱਤਰ ਪ੍ਰੇਰਕ): ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਅੱਜ ਬਨੂੜ ਦੇ ਛੇ ਵਾਰਡਾਂ ਵਿੱਚ 62 ਲੱਖ ਦੇ ਵਿਕਾਸ ਕੰਮ ਆਰੰਭ ਕਰਾਵਾਏ ਹਨਨ। ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਮਿਲਟੀ ਨੇ ਸ਼ਹਿਰ ਦੇ ਵਾਰਡ ਨੰਬਰ ਇੱਕ, ਤਿੰਨ, ਚਾਰ, ਸੱਤ, ਅੱਠ ਅਤੇ ਤੇਰਾਂ ਵਿੱਚ ਗਲੀਆਂ-ਨਾਲੀਆਂ ਵਿੱਚ ਲੱਗਣ ਵਾਲੀਆਂ ਇੰਟਰਲਾਕ ਟਾਈਲਾਂ ਦਾ ਕੰਮ ਆਰੰਭ ਕਰਵਾਇਆ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦੀ ਉਸਾਰੀ ਆਰੰਭ ਹੋ ਜਾਵੇਗੀ। ਇਸ ਮੌਕੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਉੱਪ ਪ੍ਰਧਾਨ ਜਗਦੀਸ਼ ਕਾਲਾ, ਮਾਰਕੀਟ ਕਮੇਟੀ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਕੌਂਸਲਰ ਪ੍ਰੀਤੀ ਵਾਲੀਆ, ਅਵਤਾਰ ਬਬਲਾ, ਭਜਨ ਲਾਲ ਆਦਿ ਮੌਜੂਦ ਸਨ।