ਅਜੈ ਕੁਮਾਰ ਮਲਹੋਤਰਾ
ਬਸੀ ਪਠਾਣਾਂ, 8 ਜੁਲਾਈ
ਬਸੀ ਪਠਾਣਾਂ ਦੇ ਖਾਲਸਾ ਸਕੂਲ ਤੋਂ ਮੁੱਖ ਸੜਕ ਨੂੰ ਜੋੜਣ ਵਾਲੀ ਸੜਕ ਦੀ ਉਸਾਰੀ ਦਾ ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਰਸਮੀ ਉਦਘਾਟਨ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸੜਕ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। 560 ਮੀਟਰ ਲੰਮੀ ਇਸ ਸੜਕ ’ਤੇ 24 ਲੱਖ ਰੁਪਏ ਖਰਚ ਹੋਣਗੇ। ਕੁੱਝ ਦਿਨ ਪਹਿਲਾਂ ਇਸ ਸੜਕ ਦੀ ਉਸਾਰੀ ਵਿੱਚ ਗੜਬੜ ਹੋਣ ਕਾਰਨ ਵਿਧਾਇਕ ਨੇ ਕੰਮ ਰੁਕਵਾ ਦਿੱਤਾ ਸੀ, ਜਿਸ ਨੂੰ ਅੱਜ ਦੁਬਾਰਾ ਤੋਂ ਸ਼ੁਰੂ ਕਰਵਾਇਆ ਗਿਆ। ਵਿਧਾਇਕ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਬਸੀ ਪਠਾਣਾਂ ਸ਼ਹਿਰ ਵਿੱਚ ਵੇਰਕਾ ਮਿਲਕ ਪਲਾਂਟ ਲਿਆਂਦਾ ਗਿਆ ਹੈ ਤਾਂ ਜੋ ਇਲਾਕੇ ਦੇ ਨੌਜਵਾਨ ਅਤੇ ਕਿਸਾਨ ਡੇਰੀ ਫਾਰਮਿੰਗ ਨਾਲ ਜੁੜ ਕੇ ਲਾਭ ਲੈ ਸਕਣ। ਵਿਧਾਇਕ ਨੇ ਦੱਸਿਆ ਕਿ ਸ਼ਹਿਰ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ ਵੀ ਮੁਕੰਮਲ ਹੋਣ ਵਾਲਾ ਹੈ।