ਕਰਮਜੀਤ ਸਿੰਘ ਚਿੱਲਾ
ਬਨੂੜ, 2 ਮਈ
ਅੱਜ ਪਿੰਡ ਹੁਲਕਾ ਦੀ 14 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਪਿਛਲੇ ਸੱਤ ਦਹਾਕਿਆਂ ਤੋਂ ਇਸ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰਦੇ ਆ ਰਹੇ 16 ਕਿਸਾਨ ਪਰਿਵਾਰਾਂ ਨੇ ਪੰਚਾਇਤ ਵਿਭਾਗ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਕੁਝ ਜ਼ਮੀਨ ਮਾਲਕਾਂ ਨੇ ਵਿਰੋਧ ਵੀ ਕੀਤਾ, ਪੁਲੀਸ ਨੇ ਵਿਰੋਧ ਕਰ ਰਹੇ ਇੱਕ ਨੌਜਵਾਨ ਕਿਸਾਨ ਨੂੰ ਆਪਣੀ ਹਿਰਾਸਤ ’ਚ ਵੀ ਲਿਆ, ਪਰ ਇਸ ਦੇ ਬਾਵਜੂਦ ਪੰਚਾਇਤ ਵਿਭਾਗ ਕਬਜ਼ਾ ਛੁਡਾਉਣ ’ਚ ਸਫ਼ਲ ਹੋ ਗਿਆ। ਪਿੰਡ ਹੁਲਕਾ ਸਾਰਾ ਦਿਨ ਪੁਲੀਸ ਛਾਉਣੀ ’ਚ ਤਬਦੀਲ ਹੋਇਆ ਰਿਹਾ।
ਪਟਿਆਲਾ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਦੀ ਨਿਗਰਾਨੀ ਹੇਠ ਕਬਜ਼ਾ ਛੁਡਾਉਣ ਦਾ ਅਮਲ ਮੁਕੰਮਲ ਹੋਇਆ। ਇਸ ਮੌਕੇ ਬਨੂੜ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਰਹੇ। ਰਾਜਪੁਰਾ ਦੀ ਬੀਡੀਪੀਓ ਅਮਨਦੀਪ ਕੌਰ ਤੇ ਪੰਚਾਇਤੀ ਅਮਲਾ ਤੇ ਮਾਲ ਵਿਭਾਗ ਦੇ ਪਟਵਾਰੀ ਤੇ ਕਾਨੂੰਗੋ ਵੀ ਇਸ ਮੌਕੇ ਹਾਜ਼ਰ ਸਨ। ਡੀਡੀਪੀਓ ਨੇ ਦੱਸਿਆ ਕਿ 2009 ’ਚ ਡੀਡੀਪੀਓ ਪਟਿਆਲਾ ਦੀ ਅਦਾਲਤ ਤੋਂ ਜ਼ਮੀਨ ਦਾ ਕੇਸ ਪੰਚਾਇਤ ਦੇ ਹੱਕ ’ਚ ਹੋ ਗਿਆ ਸੀ ਪਰ ਇਸ ਦਾ ਕਬਜ਼ਾ ਨਹੀਂ ਛੁਡਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ’ਚ ਕਬਜ਼ਾ ਲੈਣ ਮਗਰੋਂ ਨਿਸ਼ਾਨੀਆਂ ਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ’ਚ ਛੁਡਾਈ ਗਈ ਜ਼ਮੀਨ ਦੀ ਬੋਲੀ ਕੀਤੀ ਜਾਵੇਗੀ। ਇਸ ਮੌਕੇ ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਖਜ਼ਾਨ ਸਿੰਘ, ਮੰਗਲ ਸਿੰਘ, ਹਰਦੀਪ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਦਿਲਬਰ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਰੁਲਦਾ ਸਿੰਘ, ਤਾਰਾ ਸਿੰਘ ਆਦਿ ਨੇ ਦੱਸਿਆ ਕਿ ਉਹ ਇਸ ਜ਼ਮੀਨ ’ਤੇ 1952 ’ਚ ਹੋਏ ਮੁਰੱਬੇਬੰਦੀ ਤੋਂ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਵੀ ਉਨ੍ਹਾਂ ਦੇ ਨਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ 7-11-1975 ਨੂੰ ਰਾਜਪੁਰਾ ਦੇ ਸਹਾਇਕ ਕੁਲੈਕਟਰ ਦੀ ਅਦਾਲਤ ਨੇ ਉਨ੍ਹਾਂ ਦੇ ਹੱਕ ’ਚ ਫੈਸਲਾ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡੀਡੀਪੀਓ ਦੇ ਫੈਸਲੇ ਦੇ ਵਿਰੋਧ ’ਚ ਮੁਹਾਲੀ ਦੇ ਕੁਲੈਕਟਰ ਦੀ ਅਦਾਲਤ ’ਚ ਕੇਸ ਚੱਲ ਰਿਹਾ ਹੈ ਤੇ ਉਸ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਤੇ ਪੰਚਾਇਤ ਵਿਭਾਗ ਨੇ ਜ਼ਮੀਨ ਦਾ ਕਬਜ਼ਾ ਨਾਜਾਇਜ਼ ਛੁਡਾਇਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਪਟਵਾਰੀ ਨੂੰ ਚਲਾਉਣਾ ਪਿਆ ਟਰੈਕਟਰ
ਪੰਚਾਇਤੀ ਜ਼ਮੀਨ ਤੋਂ ਕਬਜ਼ਾ ਲੈਣ ਲਈ ਪੰਚਾਇਤ ਵਿਭਾਗ ਨੂੰ ਟਰੈਕਟਰ ਲਈ ਕਾਫ਼ੀ ਤਰੱਦਦ ਕਰਨਾ ਪਿਆ। ਪੰਚਾਇਤ ਵਿਭਾਗ ਵੱਲੋਂ ਖੇੜਾ ਗੱਜੂ ਦੀ ਪੰਚਾਇਤ ਦਾ ਟਰੈਕਟਰ ਮੰਗਾਇਆ ਗਿਆ। ਉਸ ਲਈ ਬਨੂੜ ਤੋਂ ਦਿਹਾੜੀ ’ਤੇ ਡਰਾਈਵਰ ਲਿਆਂਦਾ ਗਿਆ, ਪਰ ਉਹ ਡਰਾਈਵਰ ਵੀ ਬਿਨਾਂ ਟਰੈਕਟਰ ਚਲਾਇਆਂ ਵਾਪਿਸ ਚਲਾ ਗਿਆ। ਇਸ ਮਗਰੋਂ ਪੰਚਾਇਤ ਵਿਭਾਗ ਦੇ ਪਟਵਾਰੀ ਨੇ ਖੁਦ ਹੀ ਟਰੈਕਟਰ ਚਲਾ ਕੇ ਕਬਜ਼ੇ ਵਾਲੀ ਜ਼ਮੀਨ ਵਾਹੀ।
ਖੁਦ ਕਬਜ਼ਾ ਛੱਡਣ ਵਾਲਿਆਂ ਦਾ ਸਰਕਾਰ ਕਰੇਗੀ ਸਨਮਾਨ: ਪੰਚਾਇਤ ਮੰਤਰੀ
ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਾਮੀਂ ਬਨੂੜ ’ਚ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਪੂਰੇ ਪੰਜਾਬ ’ਚ ਵਿਭਾਗ ਦੇ ਅਧਿਕਾਰੀ ਨਾਜਾਇਜ਼ ਕਬਜ਼ੇ ਹੇਠਲੀਆਂ ਸ਼ਾਮਲਾਤ ਜ਼ਮੀਨਾਂ ਨੂੰ ਛੁਡਾਉਣ ਲਈ ਲੋੜੀਂਦਾ ਅਮਲ ਮੁਕੰਮਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਰਾਜ ਵਿੱਚੋਂ ਵੱਡੀ ਪੱਧਰ ’ਤੇ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ। ਉਨ੍ਹਾਂ ਕਬਜ਼ਾਕਾਰਾਂ ਨੂੰ ਆਪਣੇ ਆਪ ਹੀ ਨਾਜਾਇਜ਼ ਕਬਜ਼ੇ ਛੱਡ ਕੇ ਪੰਜਾਬ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਆਪ ਕਬਜ਼ਾ ਛੱਡਣ ਵਾਲਿਆਂ ਦਾ ਮੁੱਖ ਮੰਤਰੀ ਵਿਸ਼ੇਸ਼ ਸਨਮਾਨ ਕਰਨਗੇ।