ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ਸਟਰੀਟ ਵੈਂਡਰਾਂ ਲਈ ਬਣਾਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਸ਼ਹਿਰ ਦੇ ਰਜਿਸਟਰਡ ਵੈਂਡਰਾਂ ਦੀ ਲਾਇਸੈਂਸ ਫੀਸ ਪੰਜ ਸੌ ਰੁਪਏ ਪ੍ਰੀਤ ਮਹੀਨਾ ਘਟਾਊਣ ਦਾ ਫੈਸਲਾ ਕੀਤਾ ਹੈ। ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਵੈਂਡਰਾਂ ਨਾਲ ਸਬੰਧਤ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਸਟ੍ਰੀਟ ਵੈਂਡਰਾਂ ਦੀ ਮਾਸਿਕ ਲਾਇਸੈਂਸ ਫੀਸ ਵਿਚੋਂ ਪੰਜ ਸੌ ਰੁਪਏ ਮੁਆਫ ਕਰਨ ਦਾ ਫੈਸਲਾ ਕੀਤਾ। ਇਸ ਯੋਜਨਾ ਤਹਿਤ ਸਟ੍ਰੀਟ ਵੈਂਡਰਾਂ ਨੂੰ ਆਪਣਾ ਕੰਮ ਕਾਜ ਤੋਰਨ ਲਈ 12 ਮਹੀਨਿਆਂ ਲਈ ਕਰਜ਼ਾ ਦਿੱਤਾ ਜਾਂਦਾ ਹੈ। ਇਸ ਕਰਜ਼ੇ ਦੀ ਮਿਆਦ ਤੱਕ ਨਿਗਮ ਵੱਲੋਂ ਇਨ੍ਹਾਂ ਵੈਂਡਰਾਂ ਨੂੰ ਉਨ੍ਹਾਂ ਦੀ ਮਾਸਿਕ ਫੀਸ ਵਿੱਚ ਦਿੱਤੀ ਛੋਟ ਜਾਰੀ ਰਹੇਗੀ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਵਨਿਧੀ ਆਤਮ ਨਿਰਭਰ ਯੋਜਨਾ ਦੀ ਸ਼ਹਿਰ ਵਿੱਚ ਤਾਜ਼ਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਟਾਊਨ ਵੈਂਡਿੰਗ ਕਮੇਟੀ ਨੇ ਜ਼ਿਕਰ ਕੀਤਾ ਕਿ ਇਸ ਯੋਜਨਾ ਤਹਿਤ ਪਹਿਲੇ ਪੜਾਅ ਦੇ ਸਰਵੇਖਣ ਦਾ ਕੰਮ ਲਗਪਗ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਯੋਜਨਾ ਨੂੰ ਲੈਕੇ ਦੂਜੇ ਪੜਾਅ ਤਹਿਤ ਸਰਵੇਖਣ ਕਰਨ ਲਈ ਰਜਿਸਟਰੇਸ਼ਨ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਸਮੇਤ ਕਮੇਟੀ ਦੇ ਮੈਂਬਰ ਵੀਐੱਨ ਸ਼ਰਮਾ ਸਮੇਤ ਹੋਰ ਕਮੇਟੀ ਮੈਂਬਰ ਸੀਤਾ ਰਾਮ, ਰਾਮ ਪਾਲ, ਕਮਲੇਸ਼, ਗੀਤਾ, ਚੰਡੀਗੜ੍ਹ ਟ੍ਰੈਫਿਕ ਪੁਲੀਸ ਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ।