ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 15 ਜਨਵਰੀ
ਇਥੇ ਬੀਤੇ ਕੱਲ੍ਹ ਤਹਿਸੀਲ ਵਿੱਚ ਰਜਿਸਟਰੀ ਨੂੰ ਲੈ ਕੇ ਹੋਏ ਹੰਗਾਮੇ ਮਗਰੋਂ ਪੁਲੀਸ ਨੇ ਸੀਨੀਅਰ ਕਾਂਗਰਸੀ ਆਗੂ ਬਹਾਦੁਰ ਸਿੰਘ ਝਰਮੜੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਤਹਿਸੀਲਦਾਰ ਰਮਨਦੀਪ ਕੌਰ ਦੀ ਸ਼ਿਕਾਇਤ ’ਤੇ ਉਸ ਨਾਲ ਦੁਰਵਿਹਾਰ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਕੀਤੀ ਹੈ। ਦੂਜੇ ਪਾਸੇ ਬਹਾਦੁਰ ਸਿੰਘ ਝਰਮੜੀ ਨੇ ਕਿਹਾ ਕਿ ਸਿਆਸੀ ਦਬਾਅ ਹੇਠ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸ੍ਰੀ ਝਰਮੜੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਬਹਾਦੁਰ ਸਿੰਘ ਝਰਮੜੀ ਲੰਘੇ ਕੱਲ੍ਹ ਤਹਿਸੀਲ ਵਿੱਚ ਬਿਰਧ ਔਰਤ ਨਾਲ ਰਜਿਸਟਰੀ ਕਰਵਾਉਣ ਲਈ ਆਏ ਸੀ। ਇਥੇ ਉਨ੍ਹਾਂ ਦਾ ਰਜਿਸਟਰੀ ਦੇ ਦਸਤਾਵੇਜ਼ਾਂ ਨੂੰ ਲੈ ਕੇ ਤਹਿਸੀਲਦਾਰ ਨਾਲ ਤਕਰਾਰ ਹੋ ਗਈ ਜਿਸ ਮਗਰੋਂ ਉਨ੍ਹਾਂ ਨੇ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਤਹਿਸੀਲਦਾਰ ਰਮਨਦੀਪ ਕੌਰ ਨੇ ਕਿਹਾ ਸੀ ਕਿ ਮੁਲਜ਼ਮ ਵੱਲੋਂ ਸਰਕਾਰੀ ਕੰਮ ਵਿੱਚ ਵਿਘਣ ਪਾਉਣ ਤੋਂ ਇਲਾਵਾ ਉਸ ਨਾਲ ਦੁਰਵਿਹਾਰ ਕੀਤਾ ਗਿਆ ਜਿਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਉਨ੍ਹਾਂ ਨੇ ਕਿਹਾ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਕਿ ਦਸਤਾਵੇਜ਼ਾਂ ਦੀ ਤਸੱਲੀ ਹੋਣ ਮਗਰੋਂ ਰਜਿਸਟਰੀ ਕੀਤੀ ਗਈ।