ਮੁਕੇਸ਼ ਕੁਮਾਰ
ਚੰਡੀਗੜ੍ਹ, 21 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਮੁੜ ਵਸੇਬਾ ਸਕੀਮ ਤਹਿਤ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਅਧੀਨ ਲਗਪਗ 18138 ਛੋਟੇ ਫਲੈਟ ਅਲਾਟ ਕੀਤੇ ਹਨ। ਸੀਐਚਬੀ ਨੇ ਇਹ ਫਲੈਟ ਸ਼ਹਿਰ ਵਿੱਚ ਬਿਨਾਂ ਘਰੋਂ ਤੋਂ ਰਹਿ ਰਹੇ ਪਾਤਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਸੇਬੇ ਲਈ ਅਲਾਟ ਕੀਤੇ ਗਏ ਹਨ। ਬੋਰਡ ਵਲੋਂ ਅਲਾਟ ਕੀਤੇ ਗਏ ਇਨ੍ਹਾਂ ਫਲੈਟਾਂ ਨੂੰ ਅਲਾਟੀਆਂ ਵਲੋਂ ਅੱਗੇ ਕਿਸੇ ਹੋਰ ਨੂੰ ਵੇਚਣ ਜਾਂ ਕਿਰਾਏ ‘ਤੇ ਦੇਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੱਡੇ ਪੱਧਰ ’ਤੇ ਸਰਵੇਖਣ ਕਰਵਾਇਆ ਸੀ। ਬੋਰਡ ਨੂੰ ਘਰ ਘਰ ਕੀਤੇ ਗਏ ਇਸ ਸਰਵੇਖਣ ਦੌਰਾਨ 895 ਫਲੈਟਾਂ ਵਿੱਚ ਅਸਲ ਅਲਾਟੀ ਨਹੀਂ ਮਿਲੇ। ਉਨ੍ਹਾਂ ਦੀ ਥਾਂ ‘ਤੇ ਹੋਰ ਪਰਿਵਾਰ ਰਹਿ ਰਹੇ ਸਨ। ਬੋਰਡ ਨੇ ਅਜਿਹੇ ਡਿਫਾਲਟਰ ਅਲਾਟੀਆਂ ਖਿਲਾਫ ਕਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਅਲਾਟੀਆਂ ਨੇ ਆਪਣੇ ਫਲੈਟ ਅੱਗੇ ਵੇਚ ਦਿੱਤੇ ਹਨ ਜਾਂ ਕਿਰਾਏ ’ਤੇ ਦੇ ਦਿੱਤੇ ਹਨ। ਬੋਰਡ ਨੇ ਸਰਵੇਖਣ ਦੀ ਸਥਿਤੀ ਸੀਐਚਬੀ ਦੀ ਵੈੱਬਸਾਈਟ ‘ਤੇ ਅੱਪਲੋਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵਲੋਂ ਕੀਤੇ ਗਏ ਇਸ ਸਰਵੇਖਣ ਦੌਰਾਨ 895 ਫਲੈਟ ਅਜਿਹੇ ਮਿਲੇ ਜਿਨ੍ਹਾਂ ਦੇ ਨਿਵਾਸੀ ਫਲੈਟ ਦੀ ਅਲਾਟਮੈਂਟ ਨਾਲ ਸੰਬੰਧਿਤ ਆਪਣੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ। ਅਜਿਹੇ ਅਲਾਟੀ ਸਰਵੇਖਣ ਰਿਪੋਰਟ ‘ਤੇ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਬੋਰਡ ਦੇ ਚੇਅਰਮੈਨ ਧਰਮਪਾਲ ਵਲੋਂ ਚਰਚਾ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਮਿਲਖ ਵਿਭਾਗ ਦੇ ਬਕਾਏਦਾਰਾਂ ਲਈ ਵਿਸ਼ੇਸ਼ ਕੈਂਪ ਭਲਕੇ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ ਵਲੋਂ ਬਕਾਏਦਾਰਾਂ ਦੀ ਸਹੂਲਤ ਲਈ 23 ਸਤੰਬਰ ਨੂੰ ਸਨਅਤੀ ਖੇਤਰ ਫੇਜ਼ 2 ਵਿਖੇ ਇੱਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ। ਮਿਲਖ ਵਿਭਾਗ ਵਲੋਂ ਸਨਅਤੀ ਖੇਤਰ ਫੇਜ਼-1 ਅਤੇ 2 ਵਿੱਚ ਉਦਯੋਗਿਕ ਪਲਾਟਾਂ, ਸਾਈਟਾਂ ਦੇ ਪਟੇਦਾਰਾਂ ਅਤੇ ਅਲਾਟੀਆਂ ਲਈ ਡਾਇਰੈਕਟਰ ਆਫ ਇੰਡਸਟਰੀਜ਼ ਪਲਾਟ ਨੰਬਰ 39, ਫੇਜ਼-2, ਚੰਡੀਗੜ੍ਹ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮਿਲਖ ਵਭਾਗ ਦੇ ਬਕਾਏਦਾਰ ਆਪਣੀਆਂ ਅਲਾਟ ਕੀਤੀਆਂ ਸਾਈਟਾਂ ਦੇ ਸਬੰਧ ਵਿੱਚ ਬਕਾਇਆ ਰਾਸ਼ੀ ਨੂੰ ਲੈ ਕੇ ਜਾਣਕਾਰੀ ਲੈ ਸਕਣਗੇ ਅਤੇ ਜਮ੍ਹਾ ਵੀ ਕਰਵਾ ਸਕਣਗੇ। ਦੇਖਿਆ ਗਿਆ ਹੈ ਕਿ ਇਹ ਅਲਾਟੀ ਆਪਣੇ ਬਕਾਏ ਜਮ੍ਹਾਂ ਕਰਵਾਉਣ ਲਈ ਮਿਲਖ ਵਿਭਾਗ ਦੇ ਦਫਤਰ ਦੇ ਗੇੜੇ ਮਾਰਦੇ ਸਨ। ਇਹ ਕੈਂਪ ਅਲਾਟੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਦਰਵਾਜ਼ੇ ‘ਤੇ ਲਗਾਇਆ ਜਾ ਰਿਹਾ ਹੈ। ਮਿਲਖ ਵਿਭਾਗ ਵਲੋਂ ਬਕਾਏ ਦੀ ਵਸੂਲੀ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਮ੍ਹਾਂ ਕਰਾਏ ਗਏ ਬਕਾਏ ਦੀ ਮੌਕੇ ’ਤੇ ਰਸੀਦਾਂ ਜਮ੍ਹਾਂ ਕਰਤਾਵਾਂ ਨੂੰ ਜਾਰੀ ਕੀਤੀਆਂ ਜਾਣਗੀਆਂ। ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।