ਸਰਬਜੀਤ ਸਿੰਘ ਭੱਟੀ
ਲਾਲੜੂ, 24 ਜੂਨ
ਲਾਲੜੂ ਪਿੰਡ ’ਚ ਤਕਰਬੀਨ 60 ਸਾਲ ਪਹਿਲਾਂ ਬਣੇ ਕੰਨਿਆ ਸਕੂਲ ਨੂੰ ਕੋ-ਐਡ ਕਰਨ ਦਾ ਮਾਮਲਾ ਅੱਜ ਲੋਕ ਸਭਾ ਮੈਂਬਰ ਪਟਿਆਲਾ ਪਰਨੀਤ ਕੌਰ ਦੇ ਯਤਨਾ ਸਦਕਾ ਹੱਲ ਹੋ ਗਿਆ ਹੈ। ਪੰਜਾਬ ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਬਰਕਰਾਰ ਰੱਖਣ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਸਬੰਧੀ ਲੋਕਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾ ਤੋਂ ਉਕਤ ਸਕੂਲ ਨੂੰ ਕੋ-ਐਡ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਸੀ, ਜਿਸ ਸਬੰਧੀ ਸਥਾਨਕ ਲੋਕਾਂ ਨੇ ਉਕਤ ਮਾਮਲਾ ਲੋਕ ਸਭਾ ਮੈਂਬਰ ਪਟਿਆਲਾ ਪਰਨੀਤ ਕੌਰ ਦੇ ਧਿਆਨ ਵਿੱਚ ਲਿਆਂਦਾ। ਇਸ ਦੇ ਸਬੰਧ ’ਚ ਅੱਜ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਉਕਤ ਸਕੂਲ ਦੇ ਸਬੰਧ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਦਾ ਇਕ ਪੱਤਰ ਲੈ ਕੇ ਲਾਲੜੂ ਪਹੁੰਚੇ ਅਤੇ ਕਿਹਾ ਕਿ ਉਕਤ ਸਕੂਲ ਨੂੰ ਕੋ-ਐਡ ਨਹੀਂ ਕੀਤਾ ਜਾਵੇਗਾ ਅਤੇ ਪਹਿਲਾਂ ਦੀ ਤਰ੍ਹਾਂ 12ਵੀਂ ਜਮਾਤ ਤੱਕ ਕੰਨਿਆ ਸਕੂਲ ਹੀ ਰਹੇਗਾ। ਲੋਕਾਂ ਨੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ। ਇਹ ਮਾਮਲਾ ਇੰਫੋਟੈਕ ਦੇ ਚੈਅਰਮੇਨ ਐੱਸ.ਐੱਮ.ਐੱਸ ਸੰਧੂ ਵਲੋਂ ਵੀ ਪਿਛਲੇ ਦਿਨੀ ਪਰਨੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਓਮਬੀਰ ਰਾਣਾ, ਜੀਵਨ ਰਾਣਾ, ਸੰਦੀਪ ਰਾਣਾ, ਉਮੇਸ਼ ਕੁਮਾਰ ਲੱਕੀ, ਜਗਤਾਰ ਰਾਠੀ, ਘਨਸ਼ਿਆਮ ਬੰਟੀ, ਸੁਸ਼ੀਲ ਗੁਪਤਾ, ਬਲਕਾਰ ਸਿੰਘ, ਸੁਸ਼ੀਲ ਰਾਣਾ ਮਗਰਾ, ਨੰਬਰਦਾਰ ਰਾਮ ਸਿੰਘ, ਸਰਪੰਚ ਕਿਰਨਪਾਲ ਮੌਜੂਦ ਸਨ।