ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 15 ਦਸੰਬਰ
ਪੰਜਾਬ ਸਰਕਾਰ ਨੇ ਮੁਹਾਲੀ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ 1 ਜਨਵਰੀ ਤੋਂ ਪੂਰੇ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਦੇ ਬਿੱਲ ਇਕਸਾਰ ਕੀਤੇ ਜਾਣਗੇ। ਮੌਜੂਦਾ ਸਮੇਂ ਗਮਾਡਾ ਆਪਣੇ ਅਧੀਨ ਆਉਂਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਬਾਕੀ ਸ਼ਹਿਰ ਦੇ ਮੁਕਾਬਲੇ ਕਰੀਬ ਸਾਢੇ 5 ਗੁਣਾ ਵੱਧ ਪਾਣੀ ਦੇ ਬਿੱਲਾਂ ਦੀ ਵਸੂਲੀ ਕਰ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਨਗਰ ਨਿਗਮ ਭਵਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਸ ਰਾਹਤ ਦਾ ਐਲਾਨ ਕੀਤਾ। ਗਮਾਡਾ ਰਿਹਾਇਸ਼ੀ/ਵਪਾਰਕ ਅਤੇ ਪਾਣੀ ਦੇ ਹੋਰ ਕਿਸਮ ਦੇ ਕੁਨੈਕਸ਼ਨਾਂ ਲਈ 5 ਤੋਂ 20 ਰੁਪਏ ਪ੍ਰਤੀ ਕਿੱਲੋਲੀਟਰ (1 ਹਜ਼ਾਰ ਲੀਟਰ) ਤੱਕ ਚਾਰਜ ਕਰਦਾ ਹੈ, ਜਦਕਿ ਨਗਰ ਨਿਗਮ ਵੱਲੋਂ 1.80 ਰੁਪਏ ਤੋਂ ਲੈ ਕੇ 5 ਰੁਪਏ ਪ੍ਰਤੀ ਕਿੱਲੋਲੀਟਰ ਚਾਰਜ ਕੀਤੇ ਜਾ ਰਹੇ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਅਪਰੇਸ਼ਨ ਐਂਡ ਮੈਨਟੇਨੈਂਸ (ਓਐਂਡਐੱਮ) ਆਫ਼ ਪਬਲਿਕ ਹੈਲਥ ਸਰਵਿਸਿਜ਼ ਦਾ ਅਧਿਕਾਰਤ ਮਤਾ ਪਾਸ ਕੀਤਾ ਗਿਆ ਅਤੇ ਗਮਾਡਾ ਨੇ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੌਂਪ ਦਿੱਤੀ ਜਦਕਿ ਲਗਭਗ 20 ਤੋਂ 25 ਕਰੋੜ ਰੁਪਏ ਦੀ ਦੂਜੀ ਕਿਸ਼ਤ ਮਾਰਚ 2021 ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ।ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਹੋਰ ਖਰਚੇ ਜਾਣਗੇ ਜਦੋਂਕਿ ਪਹਿਲੇ 45 ਕਰੋੜ ਨਾਲ ਮੁਹਾਲੀ ਹਲਕੇ ਦੇ ਹਰ ਕੋਨੇ ਵਿੱਚ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
ਇਕ ਹੋਰ ਮਹੱਤਵਪੂਰਨ ਘੋਸ਼ਣਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ 1 ਅਪਰੈਲ ਤੋਂ ਗਮਾਡਾ ਦੀ ਥਾਂ ਮੁਹਾਲੀ ਨਗਰ ਨਿਗਮ ਸ਼ਹਿਰ ਦੀਆਂ ਸੜਕਾਂ ਅਤੇ ਲਗਪਗ 565 ਵੱਡੇ ਤੇ ਛੋਟੇ ਪਾਰਕਾਂ ਦਾ ਰੱਖ-ਰਖਾਓ ਕਰੇਗਾ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਜਸਵੀਰ ਸਿੰਘ ਮਾਣਕੂ, ਪਰਵਿੰਦਰ ਕੌਰ, ਕੁਲਵਿੰਦਰ ਸਿੰਘ, ਸੁੱਚਾ ਸਿੰਘ ਕਲੋੜ, ਪ੍ਰਿਤਪਾਲ ਸਿੰਘ ਲੌਂਗੀਆ, ਰਾਕੇਸ਼ ਲਕੋਤਰਾ, ਵਨੀਤ ਮਲਿਕ, ਹਰਜੀਤ ਸਿੰਘ ਭੋਲੂ, ਨਵਜੋਤ ਸਿੰਘ, ਤਰਲੋਚਨ ਸਿੰਘ, ਗੁਰਮੁੱਖ ਸਿੰਘ, ਹਰਦਿਆਲ ਚੰਦ, ਰਘਬੀਰ ਸਿੰਘ ਸੰਧੂ, ਇੰਦਰਜੀਤ ਸਿੰਘ, ਅਤੇ ਹੋਰ ਪਤਵੰਤੇ ਹਾਜ਼ਰ ਸਨ।