ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 27 ਅਗਸਤ
ਚੰਡੀਗੜ੍ਹ ਨਗਰ ਨਿਗਮ ਨੇ ਲੰਘੇ ਦਿਨੀਂ ਇਥੋਂ ਦੇ ਸੈਕਟਰ-41 ਦੀ ਮੱਛੀ ਮਾਰਕੀਟ ਦੀਆਂ ਦੁਕਾਨਾਂ ਦੀ ਸਫਲ ਨਿਲਾਮੀ ਤੋਂ ਬਾਅਦ ਅੱਜ ਇਥੇ ਸੈਕਟਰ 33 ਸਥਿਤ ਟੈਰੇਸ ਗਾਰਡਨ ਵਿੱਚ ਬਣੀਆਂ ਚਾਰ ਦੁਕਾਨਾਂ ਨੂੰ ਮਾਸਿਕ ਕਿਰਾਏ ਦੇ ਆਧਾਰ ’ਤੇ ਨਿਲਾਮ ਕੀਤਾ।
ਅੱਜ ਕੀਤੀ ਗਈ ਖੁੱਲੀ ਨਿਲਾਮੀ ਇਨ੍ਹਾਂ ਚਾਰੇ ਦੁਕਾਨਾਂ ਨੂੰ ਕਿਰਾਏ ’ਤੇ ਚੜ੍ਹਾਊਣ ਵਿੱਚ ਸਫਲ ਰਹੀ। ਨਿਗਮ ਵਲੋਂ ਇਨ੍ਹਾਂ ਦੁਕਾਨਾਂ ਨੂੰ ਕਿਰਾਏ ’ਤੇ ਦੇਣ ਲਈ 14 ਹਜ਼ਾਰ ਰੁਪਏ ਪ੍ਰਤੀ ਮਹੀਨੇ ਲਈ ਘਟੋ-ਘੱਟ ਰਾਖਵੀਂ ਕੀਮਤ ਤੈਅ ਕੀਤੀ ਗਈ ਸੀ ਪਰ ਇਹ ਦੁਕਾਨਾਂ 17 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਮਾਸਿਕ ਕਿਰਾਏ ਤਹਿਤ ਨਿਲਾਮ ਹੋਈਆਂ। ਇਸ ਮਾਸਿਕ ਕਿਰਾਏ ਵਿੱਚ ਜੀਐਸਟੀ ਦੀ ਰਕਮ ਸ਼ਾਮਲ ਨਹੀਂ ਹੈ।
ਨਿਗਮ ਦੇ ਵਧੀਕ ਕਮਿਸ਼ਨਰ ਸਤੀਸ਼ ਕੁਮਾਰ ਜੈਨ ਅਤੇ ਨਿਗਮ ਦੇ ਮੁੱਖ ਲੇਖਾ ਅਧਿਕਾਰੀ ਗੁਲਸ਼ਨ ਮਹਿਤਾ ਦੀ ਮੌਜੂਦਗੀ ਹੇਠ ਹੋਈ ਇਸ ਨਿਲਾਮੀ ਦੌਰਾਨ ਕੌਂਸਲਰ ਰਾਜੇਸ਼ ਕੁਮਾਰ ਗੁਪਤਾ ਅਤੇ ਰਵਿੰਦਰ ਕੌਰ ਗੁਜਰਾਲ ਨੂੰ ਨਿਗਰਾਨ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। .
ਕਿਰਾਏ ’ਤੇ ਚੜ੍ਹਾਈਆਂ ਗਈਆਂ ਇਨ੍ਹਾਂ ਦੁਕਾਨਾਂ ਨੂੰ ਚੰਡੀਗੜ੍ਹ ਨਗਰ ਨਿਗਮ ਨੂੰ ਹਰ ਮਹੀਨੇ 68 ਹਜ਼ਾਰ ਰੁਪਏ ਦੀ ਆਮਦਨੀ ਹੋਵੇਗੀ ਅਤੇ ਆਰਥਿਕ ਮੰਦੀ ਦੇ ਦੌਰਵਿੱਚੋਂ ਲੰਘ ਰਹੀ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਲੋਕਾਂ ਨੂੰ ਵੀ ਰੁਜ਼ਗਾਰ ਮਿਲੇਗਾ।