ਮੁਕੇਸ਼ ਕੁਮਾਰ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨਜ਼ ਵੈਲਫੇਅਰ ਫੈਡਰੇਸ਼ਨ (ਕਰਾਫਡ) ਨੇ ਅੱਜ ਇਥੇ ਸੈਕਟਰ-16 ਸਥਿਤ ਗਾਂਧੀ ਭਵਨ ਵਿੱਚ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ। ਇਸੇ ਦੌਰਾਨ ਨਗਰ ਨਿਗਮ ਅਤੇ ਹਾਊਸਿੰਗ ਬੋਰਡ ਅਤੇ ਹੋਰਨਾਂ ਅਦਾਰਿਆਂ ਦੀ ਕਾਰਜਪ੍ਰਣਾਲੀ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
ਮੀਟਿੰਗ ਦੌਰਾਨ ਸ਼ਹਿਰ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਲਗਪਗ 70 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਨਗਰ ਨਿਗਮ ਵੱਲੋਂ ਹਾਲ ਹੀ ਵਿੱਚ ਸ਼ਹਿਰ ਵਿੱਚ ਵਧਾਈਆਂ ਗਈਆਂ ਪਾਣੀ ਦੀਆਂ ਦਰਾਂ ਦੀ ਸਖ਼ਤ ਨਿਖੇਧੀ ਕੀਤੀ। ਫੈਡਰੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਪਾਣੀ ਦੀ ਸਪਲਾਈ ਤੋਂ ਹੋਣ ਵਾਲੇ ਘਾਟੇ ਨੂੰ ਪੂਰਾ ਕਰਨ ਲਈ ਕਰੋੜਾਂ ਰੁਪਏ ਦੇ ਬਕਾਇਆ ਬਿੱਲਾਂ ਨੂੰ ਵਸੂਲਣ ਵਿੱਚ ਫੁਰਤੀ ਦਿਖਾਉਣੀ ਚਾਹੀਦੀ ਸੀ ਪਰ ਨਿਗਮ ਅਧਿਕਾਰੀਆਂ ਨੇ ਪਾਣੀ ਦੇ ਘਾਟੇ ਦਾ ਬੋਝ ਸ਼ਹਿਰ ਵਾਸੀਆਂ ’ਤੇ ਪਾ ਦਿੱਤਾ ਹੈ। ਮੀਟਿੰਗ ਦੌਰਾਨ ਸ਼ਹਿਰ ਵਿੱਚ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ ਲੈਕੇ ਵੀ ਚਰਚਾ ਕੀਤੀ ਗਈ ਅਤੇ ਫੈਡਰੇਸ਼ਨ ਦੇ ਮੈਂਬਰਾਂ ਨੇ ਇਸ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਆਧਾਰਹੀਣ ਦੱਸਿਆ।
ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਮਲਹੋਤਰਾ ਨੇ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਜ਼ਰੂਰਤ ਅਨੁਸਾਰ ਕੀਤੀਆਂ ਗਈਆਂ ਵਾਧੂ ਉਸਾਰੀਆਂ ਅਤੇ ਹੋਰ ਤਬਦੀਲੀਆਂ ਬਾਰੇ ਇਕ-ਮੁਸ਼ਤ ਸੈਟਲਮੈਂਟ ਕਰਕੇ ਇਨ੍ਹਾਂ ਊਸਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਊਸਿੰਗ ਬੋਰਡ ਦੇ ਅਲਾਟੀਆਂ ਦੀ ਲਮੇਂ ਸਮੇਂ ਤੋਂ ਚਲੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਲਈ ਸੰਸਦ ਮੈਂਬਰ ਕਿਰਨ ਖੇਰ ਨੂੰ ਮੋਹਰੀ ਭੂਮਿਕਾ ਨਿਭਾਊਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਕਿਰਨ ਖੇਰ ਇਸ ਸਮੱਸਿਆ ਨੂੰ ਦਿੱਲੀ ਵਿੱਚ ਸਾਲ 1999 ਵਿੱਚ ਲਾਗੂ ਕੀਤੀ ਗਈ ਯੋਜਨਾ ਦੇ ਆਧਾਰ ’ਤੇ ਹੱਲ ਕਰਵਾਉਣ।
ਚੰਡੀਗੜ੍ਹ ਨੂੰ ਸਮਾਰਟ ਬਣਾਊਣ ਦੀ ਕਾਰਵਾਈ ਕਾਗਜ਼ਾਂ ਤੱਕ ਸੀਮਤ: ਗਰਗ
ਫੈਡਰੇਸ਼ਨ ਦੇ ਮੁੱਖ ਬੁਲਾਰੇ ਡਾ. ਅਨੀਸ਼ ਗਰਗ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਆਪਣਾ ਵਜ਼ੂਦ ਗਵਾ ਰਿਹਾ ਹੈ ਤੇ ਇਹ ਸ਼ਹਿਰ ਹਰ ਤਰਫੋਂ ਪਛੜਦਾ ਜਾ ਰਿਹਾ ਹੈ। ਸ਼ਹਿਰ ਨੂੰ ਸਿਰਫ ਕਾਗਜ਼ਾਂ ਵਿੱਚ ਹੀ ਸਮਾਰਟ ਬਣਾਇਆ ਜਾ ਰਿਹਾ ਹੈ ਤੇ ਇਥੇ ਸਫ਼ਾਈ ਵਿਵਸਥਾ ਦਾ ਵੀ ਮਾੜਾ ਹਾਲ ਹੈ। ਊਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ ਤੇ ਊਨ੍ਹਾਂ ਨੂੰ ਕਾਬੂ ਕਰਨ ਵਾਲਾ ਕੋਈ ਨਹੀਂ ਹੈ। ਅਜਿਹੇ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਕਿਵੇਂ ਬਣੇਗਾ। ਫੈਡਰੇਸ਼ਨ ਦੇ ਚੇਅਰਮੈਨ ਹਿਤੇਸ਼ ਪੂਰਤੀ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੂੰ 24 ਘੰਟੇ ਪਾਣੀ ਦੀ ਜ਼ਰੂਰਤ ਨਹੀਂ ਹੈ ਅਤੇ ਨਗਰ ਨਿਗਮ ਵੱਲੋਂ 24 ਘੰਟੇ ਪਾਣੀ ਦੀ ਸਪਲਾਈ ਦੇਣ ਦੀ ਆੜ ਵਿੱਚ ਪਾਣੀ ਦੀਆਂ ਕੀਮਤਾਂ ਨੂੰ ਵਧਾਉਣ ਵੀ ਸਰਾਸਰ ਗਲਤ ਹੈ। ਮੀਟਿੰਗ ਦੌਰਾਨ ਸੈਕਟਰ 38, 39 ਅਤੇ 40 ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ। ਸ੍ਰੀ ਗਰਗ ਨੇਕਿਹਾ ਕਿ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਰਪੇਸ਼ ਹਨ ਤੇ ਇਸ ਡੰਪਿੰਗ ਗਰਾਊਂਡ ਦਾ ਹੱਲ ਛੇਤੀ ਹੋਣਾ ਚਾਹੀਦਾ ਹੈ।