ਪੱਤਰ ਪ੍ਰੇਰਕ
ਬਨੂੜ, 3 ਅਗਸਤ
ਇਥੇ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਕਾਕੜਾ ਬਸੀ ਖੇਤਰ ਵਿੱਚ ਇੱਕ ਨਿੱਜੀ ਕਲੋਨਾਈਜ਼ਰ ਵੱਲੋਂ 2009-10 ਵਿੱਚ ਕੱਟੀ ਗਈ ਕਲੋਨੀ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਮਕਾਨ ਬਣਾਉਣ ਦੇ ਨੌਂ ਵਰ੍ਹੇ ਬੀਤਣ ਦੇ ਬਾਵਜੂਦ ਨਾ ਤਾਂ ਪੀਣ ਵਾਲਾ ਪਾਣੀ ਹਾਸਿਲ ਹੋਇਆ ਹੈ ਤੇ ਨਾ ਹੀ ਸੜਕਾਂ ਪੱਕੀਆਂ ਕੀਤੀਆਂ ਗਈਆਂ ਹਨ। ਸੀਵਰੇਜ, ਸਟਰੀਟ ਲਾਈਟਾਂ ਅਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇੱਕ ਮੀਂਹ ਪੈਣ ਪਿੱਛੋਂ ਕਈ-ਕਈ ਹਫ਼ਤੇ ਪਾਣੀ ਖੜ੍ਹਾ ਰਹਿੰਦਾ ਹੈ। ਸਮੁੱਚੇ ਖੇਤਰ ਵਿੱਚ ਕਾਂਗਰਸ ਘਾਹ ਅਤੇ ਹੋਰ ਝਾੜ ਫ਼ੂਸ ਨਾਲ ਸਮੁੱਚੇ ਇਲਾਕੇ ਨੇ ਜੰਗਲ ਦਾ ਰੂਪ ਧਾਰ ਲਿਆ ਹੈ। ਆਪਣੇ ਦੋ ਪੁੱਤਰਾਂ ਸਮੇਤ ਇਸ ਕਲੋਨੀ ਵਿੱਚ ਤਿੰਨ ਕੋਠੀਆਂ ਬਣਾਕੇ ਰਹਿ ਰਹੇ ਬਲੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਲਾਟਾਂ ਲਈ ਉਨ੍ਹਾਂ ਨੇ 19-8-2011 ਨੂੰ ਨਗਰ ਕੌਂਸਲ ਬਨੂੜ ਕੋਲ ਨਕਸ਼ਾ ਪਾਸ ਕਰਾਉਣ ਅਤੇ ਡਿਵੈਲਪਮੈਂਟ ਚਾਰਜ 1 ਲੱਖ, 4719 ਰੁਪਏ ਜਮ੍ਹਾਂ ਕਰਵਾਏ ਸਨ। ਕਲੋਨੀ ਕੱਟਣ ਵਾਲੇ ਸਾਰੇ ਪਲਾਟ ਵੇਚ ਚੁੱਕੇ ਹਨ ਪਰ ਕਲੋਨੀ ਵਿੱਚ ਕੋਈ ਵੀ ਗਲੀ ਤੇ ਸੜਕ ਪੱਕੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਨਗਰ ਕੌਂਸਲ ਨੂੰ ਪਿਛਲੇ ਨੌਂ ਸਾਲ ਦੌਰਾਨ ਦਰਜਨਾਂ ਦਰਖਾਸਤਾਂ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿੱਚ ਦਖਲ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ।
ਕਲੋਨੀ ਦਾ ਰਿਕਾਰਡ ਦੇਖਿਆ ਜਾਵੇਗਾ: ਈਓ
ਬਨੂੜ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਨੇ ਕਿਹਾ ਕਿ ਇਹ ਕਲੋਨੀ ਖੇਤਾਂ ਵਿੱਚ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਲੋਨੀ ਦਾ ਰਿਕਾਰਡ ਵੇਖਣਗੇ। ਜੇਕਰ ਕਾਲੋਨੀ ਵਾਲੇ ਨੇ ਨਿਯਮਾਂ ਅਨੁਸਾਰ ਮੰਨਜ਼ੂਰੀ ਲੈ ਕੇ ਕਾਲੋਨੀ ਕੱਟੀ ਹੋਵੇਗੀ ਤਾਂ ਕਲੋਨੀ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੀ ਕਾਰਵਾਈ ਆਰੰਭੀ ਜਾਵੇਗੀ।