ਕਰਮਜੀਤ ਸਿੰਘ ਚਿੱਲਾ
ਬਨੂੜ, 21 ਮਾਰਚ
ਮੰਡੀਬੋਰਡ ਵੱਲੋਂ ਉਸਾਰੀ ਅਧੀਨ ਸਨੇਟਾ-ਖੇੜਾ ਗੱਜੂ ਸੜਕ ਉੱਤੇ ਪੈਂਦੇ ਪਿੰਡ ਦੇਵੀਬਗਰ(ਅਬਰਾਵਾਂ) ਦੇ ਵਸਨੀਕ ਪਿਛਲੇ ਪੰਦਰਾਂ ਦਿਨਾਂ ਤੋਂ ਪਿੰਡ ਦੇ ਵਿਚਾਲੇ ਪੈਂਦੀ ਸੜਕ ਦੀ ਪੁਟਾਈ ਕਰਕੇ ਉਸਾਰੀ ਨਾ ਕੀਤੇ ਜਾਣ ਤੋਂ ਕਾਫੀ ਪ੍ਰੇਸ਼ਾਨ ਹਨ। ਅਕਾਲੀ ਦਲ ਦੇ ਬੀਸੀ ਵਿੰਗ ਦੇ ਸਰਕਲ ਬਨੂੜ ਦੇ ਪ੍ਰਧਾਨ ਗੁਰਚਰਨ ਸਿੰਘ ਅਬਰਾਵਾਂ, ਰਾਜਿੰਦਰ ਸਿੰਘ ਨੰਬਰਦਾਰ, ਗੁਰਦੁਆਰਾ ਕਮੇਟੀ ਦੇ ਮੈਂਬਰ ਕਾਕਾ ਸਿੰਘ, ਜਸਮੇਰ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਪਿੰਡ ਦੀ ਹਦੂਦ ਵਿੱਚੋਂ ਲੰਘਦੀ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਨਾਲਿਆਂ ਦੀ ਉਸਾਰੀ ਵੀ ਹੋ ਚੁੱਕੀ ਹੈ, ਪਰ ਸੜਕ ਉੱਤੇ ਨਾ ਪੱਥਰ ਪਾਏ ਗਏ ਹਨ ਤੇ ਨਾ ਹੀ ਉਸਾਰੀ ਕਰਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸੜਕ ਦੀ ਉਸਾਰੀ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਟਰੈਕਟਰ ਤੇ ਹੋਰ ਵਾਹਨ ਕੱਢਣੇ ਵੀ ਔਖੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁੱਟੀ ਗਈ ਸੜਕ ਵਿੱਚ ਗੱਡੀਆਂ ਧੱਸ ਜਾਂਦੀਆਂ ਹਨ ਤੇ ਮਿੱਟੀ ਘੱਟਾ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਅਬਰਾਵਾਂ ਪਿੰਡ ਦੇ ਵਿਚਾਲੇ ਪੁੱਟੀ ਹੋਈ ਸੜਕ ਦੀ ਉਸਾਰੀ ਯਕੀਨੀ ਬਣਾਈ ਜਾਵੇ।
ਪਿੰਡ ਪੜੌਲ ਵਿੱਚ ਲਿੰਕ ਸੜਕ ਦੀ ਮੁਰੰਮਤ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ) : ਨਿਊ ਚੰਡੀਗੜ੍ਹ ਖੇਤਰ ਦੇ ਕਈ ਪਿੰਡਾਂ ਨਾਲ ਜੁੜਦੀਆਂ ਸੜਕਾਂ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਦਿਨ ਰਾਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਪੜੌਲ, ਢੋਡੇ, ਮਾਜਰਾ, ਰਸੂਲਪੁਰ, ਰਾਣੀਮਾਜਰਾ, ਸਲਾਮਤਪੁਰ, ਜੈਂਤੀ ਮਾਜਰੀ, ਸੂੰਕ, ਕਸੌਲੀ, ਗੁੜਾ, ਪਲਹੇੜੀ ਆਦਿ ਪਿੰਡਾਂ ਨਾਲ ਜੁੜਦੀਆਂ ਸੜਕਾਂ ਨਵੀਆਂ ਤਾਂ ਕੀ ਬਣਨੀਆਂ ਸਨ, ਉਨਾਂ ਦੀ ਪਿਛਲੇ ਕਰੀਬ ਪੰਦਰਾਂ ਸਾਲਾਂ ਤੋਂ ਮੁਰੰਮਤ ਵੀ ਨਹੀਂ ਹੋਈ। ਇੱਥੇ ਜ਼ਿਕਰਯੋਗ ਹੈ ਕਿ ਕਈ ਸੜਕਾਂ ਵਿੱਚ ਪਾਏ ਮੋਟੇ ਗੱਟਕੇ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਪਿੰਡ ਪੜੌਲ ਦੇ ਲੋਕਾਂ ਬਲਵਿੰਦਰ ਸਿੰਘ, ਸਰਦਾਰਾ ਸਿੰਘ, ਸੋਨੀ, ਸਾਗਰ ਸਿੰਘ ਸਮੇਤ ਆਮ ਆਦਮੀ ਪਾਰਟੀ ਆਗੂ ਮਾਸਟਰ ਜਗਦੇਵ ਸਿੰਘ ਮਲੋਆ ਨੇ ਕਿਹਾ ਕਿ ਜੇਕਰ ਸੜਕ ਦੀ ਹਾਲਤ ਜਲਦੀ ਨਾ ਸੁਧਾਰੀ ਗਈ ਤਾਂ ਕੈਪਟਨ ਦੇ ਫਾਰਮ ਹਾਊਸ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਲੋਕਾਂ ਦੀ ਮੰਗ ਹੈ ਕਿ ਮਾੜੀ ਹਾਲਤ ਵਾਲੀਆਂ ਸੜਕਾਂ ਪਹਿਲ ਦੇ ਆਧਾਰ ਉੱਤੇ ਬਣਾਈਆਂ ਜਾਣ। ਦੂਜੇ ਪਾਸੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਖਾਸ ਕਰਕੇ ਖਰੜ ਹਲਕੇ ਵਿੱਚ ਕਈ ਪੇਂਡੂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਹੈ ਅਤੇ ਬਾਕੀ ਰਹਿੰਦੀਆਂ ਸੜਕਾਂ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ।