ਆਤਿਸ਼ ਗੁਪਤਾ
ਚੰਡੀਗੜ੍ਹ, 15 ਜੂਨ
ਚੰਡੀਗੜ੍ਹ ’ਚ ਕਰੋਨਾ ਦੇ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਉਣ ਕਾਰਨ ਹੌਟਸਪੋਟ ਬਣੇ ਬਾਪੂ ਧਾਮ ਕਲੋਨੀ ਦੀ ਪਾਕੇਟ ਨੰਬਰ-15 ਦੇ ਲੋਕਾਂ ਨੇ 54 ਦਿਨਾਂ ਤੋਂ ਘਰ ’ਚ ਬੰਦ ਹੋ ਕੇ ਬੈਠਣ ਸਬੰਧੀ ਯੂਟੀ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਲਾਕਾ ਵਾਸੀਆਂ ਨੇ ਸੜਕਾਂ ’ਤੇ ਕੂੜਾ ਸੁੱਟ ਕੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ। ਕਰੋਨਾ ਕੇਸਾਂ ਦੇ ਸਾਹਮਣੇ ਆਉਣ ’ਤੇ ਯੂਟੀ ਪ੍ਰਸ਼ਾਸਨ ਵੱਲੋਂ ਬਾਪੂ ਧਾਮ ਕਲੋਨੀ ਨੂੰ ਕਰੋਨਾ ਪ੍ਰਭਾਵਿਤ ਖੇਤਰ ਐਲਾਨਿਆ ਸੀ ਜਿਸ ਦੀਆਂ ਕੁਝ ਪਾਕੇਟਾਂ ਕਰੋਨਾ ਦੇ ਨਵੇਂ ਕੇਸ ਨਾ ਆਉਣ ’ਤੇ ਖੋਲ੍ਹ ਦਿੱਤੀਆਂ ਗਈਆਂ ਪਰ ਹਾਲੇ ਵੀ ਕਈ ਪਾਕੇਟਾਂ ਨੂੰ ਖੋਲ੍ਹਿਆ ਨਹੀਂ ਗਿਆ। ਬਾਪੂ ਧਾਮ ਕਲੋਨੀ ਇਲਾਕੇ ਵਿੱਚ ਇਕ ਵਿਅਕਤੀ ਵੱਲੋਂ ਕੀਤੀ ਗਈ ਪਾਰਟੀ ਕਰਕੇ ਸਾਰੇ ਇਲਾਕੇ ਵਿੱਚ ਕਰੋਨਾਵਾਇਰਸ ਫੈਲ ਗਿਆ ਸੀ ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਬਾਪੂ ਧਾਮ ਕਾਲੋਨੀ ਨੂੰ 54 ਦਿਨ ਪਹਿਲਾਂ ਸੀਲ ਕਰ ਦਿੱਤਾ ਸੀ। ਅੱਜ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਕੇਟ ਵਿੱਚ ਪਿਛਲੇ 20 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਪ੍ਰਸ਼ਾਸਨ ਵੱਲੋਂ ਫੇਰ ਵੀ ਉਨ੍ਹਾਂ ਨੂੰ ਘਰਾਂ ’ਚ ਬੰਦ ਕੀਤਾ ਹੈ। ਲੋਕਾਂ ਦੇ ਪ੍ਰਦਰਸ਼ਨ ਨੂੰ ਸ਼ਾਂਤ ਕਰਵਾਉਣ ਲਈ ਡੀਐੱਸਪੀ ਦਿਲਸ਼ੇਰ ਸਿੰਘ ਚੰਢੇਲ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਬੱਸਾਂ ਰਾਹੀਂ ਕਲੋਨੀ ਵਿੱਚ ਫਲ, ਸਬਜ਼ੀਆਂ ਅਤੇ ਹੋਰ ਜ਼ਰੂਰੀ ਸਾਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ ਪਰ ਅੱਜ ਸੋਮਵਾਰ ਨੂੰ ਪਾਕੇਟ ਨੰਬਰ-15 ਦੇ ਲੋਕਾਂ ਨੇ ਬੱਸਾਂ ਤੋਂ ਸਾਮਾਨ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਪਾਕੇਟ ਨੂੰ ਵੀ ਹੋਰਨਾਂ ਪਾਕੇਟਾਂ ਦੀ ਤਰ੍ਹਾਂ ਖੋਲ੍ਹਿਆ ਜਾਵੇ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਹੜੇ ਇਲਾਕੇ ਵਿੱਚ 28 ਦਿਨ ਕਰੋਨਾ ਦਾ ਨਵਾਂ ਕੇਸ ਨਹੀਂ ਆਵੇਗਾ ਕੇਵਲ ਉਨ੍ਹਾਂ ਨੂੰ ਕਰੋਨਾ ਪ੍ਰਭਾਵਿਤ ਖੇਤਰ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਦਕਿ ਇਸ ਪਾਕੇਟ ਨੂੰ 20 ਦਿਨ ਹੋਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਪ੍ਰਭਾਵਿਤ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੂਰੀ ਤਨਖਾਹ ਦਿਵਾਈ ਜਾਵੇਗੀ ਅਤੇ ਕਿਸੇ ਨੂੰ ਨੌਕਰੀ ਤੋਂ ਕੱਢਣ ਨਹੀਂ ਦਿੱਤਾ ਜਾਵੇਗਾ।