ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਸਤੰਬਰ
ਬਲਾਕ ਖੇੜਾ ਦੇ ਪਿੰਡ ਬੀਬੀਪੁਰ ਦੇ ਨਗਰ ਨਿਵਾਸੀਆ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਧਰਨਾ ਲਗਾਤਾਰੀ ਜਾਰੀ ਹੈ। ਪਿੰਡ ਵਾਸੀਆ ਨੇ ਪ੍ਰਸ਼ਾਸਨ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦਾ ਦੋਸ਼ ਲਾਇਆ। ਇਸ ਧਰਨੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਕਾਂਗਰਸ ਆਗੂ ਸੱਤਪਾਲ ਰਾਣਾ, ਸੋਹਣ ਸਿੰਘ ਭਾਗਨਪੁਰ, ਅਮਰੀਕ ਸਿੰਘ, ਮਹਿੰਦਰ ਸਿੰਘ, ਸੰਤ ਰਾਮ, ਰਾਜ ਸਿੰਘ ਬੱਲ, ਰਾਜ ਕੁਮਾਰ ਰਾਣਾ ਆਦਿ ਨੇ ਸੰਬੋਧਨ ਕੀਤਾ। ਕਾਂਗਰਸ ਦੇ ਕਿਸਾਨ ਵਿੰਗ ਦੇ ਬਲਾਕ ਬਸੀ ਪਠਾਣਾਂ ਦੇ ਪ੍ਰਧਾਨ ਹਰਪਾਲ ਸਿਘ ਭਾਗਨਪੁਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਜ਼ਿਲ੍ਹਾ ਕਨਵੀਨਰ ਗੁਰਜਿੰਦਰ ਸਿੰਘ ਗੱਗੀ ਖੋਜੇ ਮਾਜਰਾ ਕਿਸਾਨ ਆਗੂ ਗੁਰਜੀਤ ਸਿੰਘ ਵਜੀਦਪੁਰ, ਇਕਬਾਲ ਸਿੰਘ, ਗੁਰਜਿੰਦਰ ਸਿੰਘ ਰਾਗੀ, ਗੁਰਜੀਤ ਸਿੰਘ ਵਜੀਦਪੁਰ, ਇਕਬਾਲ ਸਿੰਘ, ਰੈੱਡ ਸੰਘਰਸ਼ ਕਮੇਟੀ ਦੇ ਪਰਮਿੰਦਰ ਸਿੰਘ ਸੋਢਾ ਅਤੇ ਜੁਝਾਰ ਸਿੰਘ ਮਾਜਰੀ ਸੋਢੀਆ ਨੇ ਦੋਸ਼ ਲਾਇਆ ਕਿ ਲੋਕ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਗੰਦੇ ਪਾਣੀ ਤੋਂ ਪੀੜਤ ਹਨ ਅਤੇ ਬਿਮਾਰੀ ਫ਼ੈਲਣ ਦਾ ਵੀ ਖਦਸ਼ਾ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ ਤੇਜ਼ ਕੀਤਾ ਜਾਵੇਗਾ।