ਸ਼ਸ਼ੀ ਪਾਲ ਜੈਨ
ਖਰੜ, 21 ਜੂਨ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਖਰੜ ਨਿਵਾਸੀਆਂ ਨੇ ਨਗਰ ਕੌਂਸਲ ਖਰੜ ਦੇ ਦਫਤਰ ਬਾਹਰ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਦਿਨ-ਰਾਤ ਖਰੜ ਤੋਂ ਪਾਣੀ ਤੇ ਬਿਜਲੀ ਦੀ ਸਮੱਸਿਆ ਸਬੰਧੀ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੀ ਗਰਮੀ ਵਿੱਚ ਕਈ ਥਾਈਂ ਵਿੱਚ ਪਾਣੀ ਨਾ ਪਹੁੰਚਣ ਕਾਰਨ ਲੋਕ ਪ੍ਰੇਸ਼ਾਨ ਹਨ। ਅੱਜ ਉਨ੍ਹਾਂ ਨੂੰ ਮਜਬੂਰ ਹੋ ਕੇ ਇਲਾਕੇ ਵਿੱਚ ਧਰਨਾ ਲਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਸੰਘਰਸ਼ ਮਗਰੋਂ 22 ਜੁਲਾਈ 2021 ਨੂੰ ਕਜੋਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਲਈ ਪੀਣ ਵਾਲੇ ਪਾਣੀ ਦਾ ਪ੍ਰਾਜੈਕਟ ਮਨਜ਼ੂਰ ਕਰਵਾਇਆ ਗਿਆ ਸੀ ਪਰ ਮਿਉਂਸਿਪਲ ਕਮੇਟੀ ਤੇ ਸਰਕਾਰ ਦੀ ਅਣਗਹਿਲੀ ਕਾਰਨ ਇਹ ਪ੍ਰਾਜੈਕਟ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਕਿਹਾ ਕਿ ਖਰੜ ਦੇ 27 ਵਾਰਡ ਹਨ ਅਤੇ ਸਬੰਧਤ ਸਿਆਸੀ ਪਾਰਟੀਆਂ ਅਤੇ ਐੱਮਸੀ ਸਾਹਿਬਾਨ ਦੀ ਸੌੜੀ ਸਿਆਸਤ ਕਾਰਨ ਅੱਜ ਸ਼ਹਿਰ ਦਾ ਸਾਰਾ ਸਰਬਪੱਖੀ ਵਿਕਾਸ ਦਾ ਕੰਮ ਠੱਪ ਪਿਆ ਹੈ।