ਹਰਜੀਤ ਸਿੰਘ
ਜ਼ੀਰਕਪਰ, 3 ਮਈ
ਭਬਾਤ ਖੇਤਰ ਵਿੱਚ ਸਥਿਤ ਖ਼ੁਸ਼ਹਾਲ ਐਨਕਲੇਵ ਵਾਸੀਆਂ ਵੱਲੋਂ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਆ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੋਨੀ ਵਾਸੀਆਂ ਵੱਲੋਂ ਇਕੱਤਰ ਹੋ ਕੇ ਕਲੋਨੀ ਦੀ ਪਾਣੀ ਦੀ ਲਾਈਨ ਵਿੱਚ ਨਾਜਾਇਜ਼ ਕੁਨੈਕਸ਼ਨ ਕਰਨ ਦਾ ਭਾਰੀ ਵਿਰੋਧ ਕਰਦਿਆਂ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਕੌਂਸਲ ਨੇ ਕੁਨੈਕਸ਼ਨ ਜੋੜਨ ਨੂੰ ਟਾਲ ਦਿੱਤਾ।
ਇਸ ਮੌਕੇ ਇਕੱਤਰ ਹੋਏ ਕਲੋਨੀ ਦੇ ਪ੍ਰਧਾਨ ਸ਼ੈਲੇਂਦਰ ਸਿੰਘ, ਰਾਜੀਵ ਸ਼ਰਮਾ, ਓਮ ਪ੍ਰਕਾਸ਼, ਟੀ.ਐਸ. ਗਰੇਵਾਲ, ਬਲਵਾਨ ਸਿੰਘ, ਹਰਬੀਰ ਸਿੰਘ, ਸੋਹਣ ਲਾਲ, ਰਿਤੂ ਸ਼ਰਮਾ ਆਦਿ ਨੇ ਦੱਸਿਆ ਕਿ ਕਲੋਨੀ ਵਿੱਚ 350 ਦੇ ਕਰੀਬ ਘਰ ਹਨ। ਇਥੇ ਪਾਣੀ ਦੀ ਸਪਲਾਈ ਲਈ ਸਿਰਫ਼ ਤਿੰਨ ਇੰਚ ਦੀ ਪਾਈਪ ਲਾਈਨ ਵਿਛਾਈ ਗਈ ਹੈ। ਸਿੱਟੇ ਵਜੋਂ ਲੰਮੇਂ ਸਮੇਂ ਤੋਂ ਕਲੋਨੀ ਵਿੱਚ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਕਲੋਨੀ ਨੂੰ ਕੱਟਣ ਵੇਲੇ ਕਲੋਨਾਈਜ਼ਰ ਵੱਲੋਂ ਜਿਹੜਾ ਟਿਊਬਵੈਲ ਲਾਇਆ ਗਿਆ ਸੀ ਉਹ ਕੁਝ ਸਮੇਂ ਬਾਅਦ ਹੀ ਫੇਲ ਹੋ ਗਿਆ ਸੀ। ਇਸ ਮਗਰੋਂ ਉਨ੍ਹਾਂ ਵੱਲੋਂ ਕਾਫੀ ਸਮਾਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਆਪਣੇ ਪੱਧਰ ’ਤੇ ਪੈਸੇ ਇਕੱਤਰ ਕਰ ਕੇ ਇਥੇ ਨਵਾਂ ਟਿਊਬਵੈਲ ਲਗਵਾਇਆ। ਉਨ੍ਹਾਂ ਵੱਲੋਂ ਟਿਊਬਵੈਲ ਦੀ ਦੇਖ-ਰੇਖ ਦਾ ਕੰਮ ਵੀ ਆਪਣੇ ਸੁਸਾਇਟੀ ਦੇ ਪੈਸਿਆਂ ਨਾਲ ਹੀ ਦੇਖਿਆ ਜਾਂਦਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਇਕ ਜੇਸੀਬੀ ਨਾਲ ਪਾਣੀ ਦੀ ਪਾਈਪ ਲਾਈਨ ਵਿੱਚੋਂ ਨਾਜਾਇਜ਼ ਤੌਰ ’ਤੇ ਉਨ੍ਹਾਂ ਕਿਸੇ ਦੀ ਮਨਜ਼ੂਰੀ ਤੋਂ ਨੇੜੇ ਖ਼ੁਸ਼ਹਾਲ ਐਨਕਲੇਵ ਐਕਸਟੈਨਸ਼ਨ ਨਾਂ ਹੇਠ ਵਸੀ ਕਲੋਨੀ ਦਾ ਪਾਣੀ ਦਾ ਕੁਨੈਕਸ਼ਨ ਜੋੜਿਆ ਜਾ ਰਿਹਾ ਸੀ। ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਕੁਨੈਕਸ਼ਨ ਜੋੜਨ ਦਾ ਕੰਮ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੁਝ ਕਲੋਨਾਈਜ਼ਰਾਂ ਦੇ ਇਸ਼ਾਰੇ ’ਤੇ ਕੌਂਸਲ ਉਨ੍ਹਾਂ ਦਾ ਪਾਣੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਿਸੇ ਕੀਮਤ ’ਤੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਕਲੋਨੀ ਦੀ ਲਾਈਨ ਵਿੱਚੋਂ ਨਾਜਾਇਜ਼ ਕੁਨੈਕਸ਼ਨ ਜੋੜਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾਏਗੀ ਕਿ ਛੁੱਟੀ ਵਾਲੇ ਦਿਨ ਕਿਸ ਨੇ ਜੇਸੀਬੀ ਭੇਜੀ ਸੀ।