ਪੱਤਰ ਪ੍ਰੇਰਕ
ਕੁਰਾਲੀ, 25 ਜੁਲਾਈ
ਪਿੰਡ ਮੁੱਲਾਂਪੁਰ ਸੋਢੀਆਂ ਦੇ ਲੋਕਾਂ ਨੂੰ ਪੀੇਣ ਲਈ ਕਈ ਹਫ਼ਤਿਆਂ ਤੋਂ ਦੂਸ਼ਿਤ ਪਾਣੀ ਮਿਲ ਰਿਹਾ ਹੈ। ਟਿਊਬਵੈੱਲ ਤੋਂ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ ਕਾਰਨ ਪ੍ਰੇਸ਼ਾਨ ਪਿੰਡ ਵਾਸੀਆਂ ਸਿੰਚਾਈ ਵਾਲੀਆਂ ਮੋਟਰਾਂ ਤੋਂ ਪਾਣੀ ਭਰ ਕੇ ਲਿਅਉਣ ਲਈ ਮਜ਼ਬੂਰ ਹੋਣ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸ਼ੁੱਧ ਪਾਣੀ ਸਪਲਾਈ ਦੀ ਮੰਗ ਕੀਤੀ ਹੈ।
ਗੰਧਲਾ ਪਾਣੀ ਦਿਖਾਉਂਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਰੀਬ 15-20 ਦਿਨਾਂ ਤੋਂ ਇਹ ਪਾਣੀ ਸਪਲਾਈ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪਿੰਡ ਵਿੱਚ ਨਵਾਂ ਟਿਊਬਵੈੱਲ ਲਗਾਉਣ ਦੀ ਮੰਗ ਕੀਤੀ। ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲਗਾਇਆ ਗਿਆ ਟਿਊਬਵੈੱਲ ਬਹੁਤ ਪੁਰਾਣਾ ਹੋ ਚੁੱਕਾ ਹੈ ਅਤੇ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸ ਸਬੰਧੀ ਜਦੋਂ ਜਲ ਸਪਲਾਈ ਵਿਭਾਗ ਦੇ ਜੇਈ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਪਿੰਡ ਵਿੱਚ ਨਵਾਂ ਟਿਊਬਵੈੱਲ ਲਗਾਉਣ ਲਈ ਐਸਟੀਮੇਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਟਿਊਬਵੈੱਲ ਵਿੱਚ ਕੰਪਰੈਸ਼ਰ ਲਗਾ ਕੇ ਪਾਣੀ ਨੂੰ ਸਾਫ਼ ਕੀਤਾ ਜਾਵੇਗਾ।