ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੁਲਾਈ
ਪਿੰਡ ਰਾਜੋਮਾਜਰਾ ਵਿੱਚ ਬਿਜਲੀ ਦੀ ਲਾਈਨ ਗਲੀ ਤੋਂ ਪਿੱਛੇ ਹਟਾਉਣ ਨਾਲ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਘਰਾਂ ਉੱਤੇ ਆ ਜਾਣ ਮਗਰੋਂ ਪਿੰਡ ਵਾਸੀਆਂ ਵਿੱਚ ਰੋਸ ਫੈਲ ਗਿਆ। ਪਿੰਡ ਦੇ ਸਰਪੰਚ ਸੱਤਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਮੌਕੇ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਆਰੰਭ ਦਿੱਤੀ ਅਤੇ ਲਾਈਨ ਬਦਲਣ ਦਾ ਕੰਮ ਬੰਦ ਕਰਾ ਦਿੱਤਾ। ਲੋਕਾਂ ਨੇ ਇਸ ਮੌਕੇ ਖੰਭਾ ਗੱਡਣ ਲਈ ਲਿਆਂਦੀ ਜੇਸੀਬੀ ਮਸ਼ੀਨ ਵੀ ਘੇਰੀ। ਸਰਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਫ਼ਿਰਨੀ ਉੱਤੇ ਨਾਜਾਇਜ਼ ਕਬਜ਼ੇ ਹੋਏ ਹਨ। ਪੰਚਾਇਤ ਵੱਲੋਂ ਸਾਰੇ ਪਿੰਡ ਦੀ ਅਠਾਈ ਫੁੱਟ ਚੌੜੀ ਫ਼ਿਰਨੀ ਦੀ ਨਿਸ਼ਾਨਦੇਹੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਨਿਸ਼ਾਨਦੇਹੀ ਕਰਨ ਦੀ ਥਾਂ ਸਿਰਫ਼ ਗਰੀਬ ਵਰਗਾਂ ਦੇ ਘਰਾਂ ਅੱਗੋਂ ਹੀ ਮਿਣਤੀ ਕਰਦਾ ਹੈ, ਜੋ ਪੰਚਾਇਤ ਨੂੰ ਮੰਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਇਸ ਫ਼ਿਰਨੀ ਨੂੰ ਪੱਕਾ ਕਰਨ ਲਈ ਬੀਡੀਪੀਓ ਦੀਆਂ ਹਦਾਇਤਾਂ ਉੱਤੇ ਕੰਮ ਵੀ ਆਰੰਭ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਬਾਅਦ ਦੁਪਹਿਰ ਚਾਰ ਵਜੇ ਪਾਵਰਕੌਮ ਦੇ ਬਨੂੜ ਸਥਿਤ ਜੇਈ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮ ਪੁਰਾਣੇ ਖੰਭਿਆਂ ਨੂੰ ਪਿੱਛੇ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੰਭਿਆਂ ਨੂੰ ਪਿੱਛੇ ਹਟਾਉਣ ਸਮੇਂ ਤਾਰਾਂ ਕੁੱਝ ਪਰਿਵਾਰਾਂ ਦੇ ਕੋਠਿਆਂ ਉੱਤੇ ਆ ਗਈਆਂ, ਜਿਸ ਨਾਲ ਕਿਸੇ ਵੀ ਸਮੇਂ ਹਾਦਸਾ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਪਾਵਰਕੌਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਜਾਂ ਤਾਂ ਇਨ੍ਹਾਂ ਘਰਾਂ ਉੱਤੇ ਕੇਬਲ ਤਾਰ ਪਾ ਦਿੱਤੀ ਜਾਵੇ ਨਹੀਂ ਫ਼ਿਰ ਕਿਸੇ ਵੀ ਹਾਦਸੇ ਦੀ ਜ਼ਿੰਮੇਵਾਰੀ ਵਿਭਾਗ ਲਵੇ।
ਪੁਲੀਸ ਨੇ ਕਰਾਇਆ ਦੋਵਾਂ ਧਿਰਾਂ ਵਿੱਚ ਸਮਝੌਤਾ
ਦੇਰ ਸ਼ਾਮ ਲੈਹਿਲੀ ਪੁਲੀਸ ਚੌਕੀ ਇੰਚਾਰਜ ਰਾਕੇਸ਼ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਪੁਲੀਸ ਦੀ ਹਾਜ਼ਰੀ ਵਿੱਚ ਪਾਵਰਕੌਮ ਦੇ ਮੁਲਾਜ਼ਮਾਂ ਅਤੇ ਪੰਚਾਇਤ ਦਰਮਿਆਨ ਸਮਝੌਤਾ ਹੋ ਗਿਆ। ਸਰਪੰਚ ਨੇ ਦੱਸਿਆ ਕਿ ਜੇਈ ਜਗਦੀਪ ਸਿੰਘ ਨੇ ਪੰਚਾਇਤ ਨੂੰ ਲਿਖਤੀ ਰੂਪ ਵਿੱਚ ਭਰੋਸਾ ਦਿਵਾਇਆ ਹੈ ਕਿ ਜੇ ਖੰਭੇ ਬਦਲੇ ਗਏ ਤਾਂ ਲੋਕਾਂ ਦੇ ਘਰਾਂ ਉੱਪਰ ਕੇਬਲ ਪਾ ਕੇ ਹੀ ਕੰਮ ਕੀਤਾ ਜਾਵੇਗਾ। ਇਸ ਨਾਲ ਪੰਚਾਇਤ ਸਤੁੰਸ਼ਟ ਹੋ ਗਈ। ਜੇਈ ਨੰਬਰ ਇੱਕ ਸ੍ਰੀ ਨੰਦਾ ਨੇ ਦੱਸਿਆ ਕਿ ਐਸਟੀਮੇਟ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਸੀ।