ਹਰਜੀਤ ਸਿੰਘ
ਜ਼ੀਰਕਪੁਰ, 26 ਅਗਸਤ
ਇਥੋਂ ਦੇ ਨੇੜਲੇ ਪਿੰਡ ਰਾਮਗੜ੍ਹ ਭੁੱਡਾ ਵਿਖੇ ਲਗਾਤਾਰ 12 ਘੰਟੇ ਬਿਜਲੀ ਸਪਲਾਈ ਠੱਪ ਹੋਣ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਘੇ ਕਲ੍ਹ ਰਾਤ ਦਸ ਵਜੇ ਬਿਜਲੀ ਸਪਲਾਈ ਠੱਪ ਹੋਈ ਸੀ ਜੋ ਅੱਜ ਸਵੇਰ 12 ਘੰਟੇ ਮਗਰੋਂ ਦਸ ਵਜੇ ਬਹਾਲ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਰੀ ਰਾਤ ਉਨ੍ਹਾਂ ਨੂੰ ਗਰਮੀ ਵਿੱਚ ਲੰਘਾਉਣੀ ਪਈ ਪਰ ਪਾਵਰਕੌਮ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਜਗਤਾਰ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਜਗਦੀਪ ਸਿੰਘ, ਬਰਿੰਦਰ ਸਿੰਘ, ਨਾਇਬ ਸਿੰਘ ਅਤੇ ਗੁਰਪਾਲ ਸਿੰਘ ਨੇ ਕਿਹਾ ਕਿ ਪਾਵਰਕੌਮ ਇਲਾਕੇ ਵਿੱਚ ਨਿਰਵਿਘਣ ਬਿਜਲੀ ਸਪਲਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਵਰਕੌਮ ਵੱਲੋਂ ਬਿਨਾਂ ਅਗਾਊਂ ਜਾਣਕਾਰੀ ਦਿੱਤੇ ਨਿੱਤ ਦਿਹਾੜੇ ਘੰਟਿਆਂਬੱਧੀ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੀ ਰਾਤ ਦਸ ਵਜੇ ਬਿਜਲੀ ਸਪਲਾਈ ਅਚਾਨਕ ਠੱਪ ਹੋਈ ਸੀ ਜਿਸ ਮਗਰੋਂ ਸਵੇਰ ਦਸ ਵਜੇ ਬਹਾਲ ਹੋਈ। ਬਿਜਲੀ ਸਪਲਾਈ ਠੱਪ ਹੋਣ ‘ਤੇ ਉਨ੍ਹਾਂ ਵੱਲੋਂ ਸਾਰੀ ਰਾਤ ਪਾਵਰਕੌਮ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਿਸੇ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਸਗੋਂ ਅਧਿਕਾਰੀਆਂ ਨੇ ਹੈਲਪ ਲਾਈਨ ਨੰਬਰ 1912 ‘ਤੇ ਸ਼ਿਕਾਇਤ ਦਰਜ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉੱਕਤ ਨੰਬਰ ‘ਤੇ ਕੋਈ ਵੀ ਸਹੀ ਜਾਣਕਾਰੀ ਨਹੀਂ ਮਿਲੀ ਨਾ ਹੀ ਕੋਈ ਸ਼ਿਕਾਇਤ ਦਰਜ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਗਰੋਂ ਪਾਵਰਕੌਮ ਵੱਲੋਂ ਸ਼ਿਕਾਇਤ ਦਰਜ ਕਰਨ ਲਈ ਇਕ ਹੋਰ ਨੰਬਰ ਦਿੱਤਾ ਗਿਆ ਜਿਸ ਨੰਬਰ ‘ਤੇ ਵੀ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਘੰਟਿਆਂਬੱਧੀ ਮਿਲਾਉਣ ਪਿੱਛੋਂ ਨੰਬਰ ‘ਤੇ ਫੋਨ ਚੁੱਕਿਆ ਜਾਂਦਾ ਹੈ ਅਤੇ ਫਿਰ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਪਿੰਡ ਦੇ ਵਸਨੀਕ ਸਾਰੀ ਰਾਤ ਬਿਨਾਂ ਬਿਜਲੀ ਤੋਂ ਤੰਗ ਹੁੰਦੇ ਰਹੇ। ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿੱਚ ਇਨਵਰਟਰ ਲੱਗੇ ਹੋਏ ਸੀ ਉਹ ਕੁਝ ਘੰਟਿਆਂ ਵਿੱਚ ਹੀ ਜਵਾਬ ਦੇ ਗਏ।
ਇਸ ਬਾਰੇ ਗੱਲ ਕਰਨ ’ਤੇ ਪਾਵਰਕੌਮ ਦੇ ਐਸ.ਡੀ.ਓ. ਮਨਦੀਪ ਅੱਤਰੀ ਨੇ ਕਿਹਾ ਕਿ ਕੰਡਕਟਰ ਡਿੱਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਜਿਸ ਨੂੰ ਸਵੇਰ ਤੱਕ ਠੀਕ ਕਰ ਲਿਆ ਗਿਆ ਸੀ।