ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੂਨ
ਸੈਕਟਰ 13 (ਮਨੀਮਾਜਰਾ) ਵਾਸੀ ਗੰਧਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਹਨ। ਇਲਾਕੇ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵਿਛਾਈ ਜਾ ਰਹੀ ਸੀਵਰੇਜ ਦੀ ਅੰਡਰ ਗਰਾਉੂਂਡ ਪਾਈਪ ਲਾਈਨ ਕਾਰਨ ਜਿਥੇ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ ਉਥੇ ਲੋਕਾਂ ਦੇ ਘਰਾਂ ਵਿੱਚ ਆਉਣ ਵਾਲੀ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੀ ਹੈ। ਪਾਣੀ ਦੀ ਸਪਲਾਈ ਲਾਈਨ ਵਿੱਚ ਗੰਦੇ ਪਾਣੀ ਦੀ ਸਪਲਾਈ ਆਉਣ ਤੋਂ ਇਲਾਕੇ ਦੇ ਪਿਪਲੀ ਵਾਲਾ ਟਾਊਨ ਦੇ ਹਜ਼ਾਰਾਂ ਨਿਵਾਸੀ ਪਿਛਲੇ ਲਗਪਗ ਇੱਕ ਹਫ਼ਤੇ ਤੋਂ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਪਾਈਪ ਲਾਈਨ ਨੂੰ ਵਿਛਾਉਣ ਵੇਲੇ ਵਰਤੀ ਗਈ ਮਸ਼ੀਨ ਨਾਲ ਇਥੋਂ ਦੀ ਮੇਨ ਸੀਵਰੇਜ ਲਾਈਨ ਦੀ ਲਾਈਨ ਟੁੱਟ ਗਈ। ਇਸ ਕਰਕੇ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਲੀਕ ਹੋ ਕੇ ਜ਼ਮੀਨ ਵਿੱਚ ਰਿਸਣ ਲੱਗਿਆ ਤੇ ਸੜਕ ਧਸ ਗਈ। ਨਾਲ ਹੀ ਸੀਵਰੇਜ ਦਾ ਗੰਦਾ ਪਾਣੀ ਇਲਾਕੇ ਦੇ ਪਾਣੀ ਦੀ ਸਪਲਾਈ ਲਾਈਨ ਵਿੱਚ ਰਲ ਗਿਆ। ਇਸ ਸਬੰਧੀ ਸਥਾਨਕ ਲੋਕਾਂ ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਣ ਤੇ ਨਿਗਮ ਦੀ ਟੀਮ ਨੇ ਬਲਾਕ ਹੋਈ ਸੀਵਰੇਜ ਦੀ ਸਪਲਾਈ ਨੂੰ ਠੀਕ ਤਾਂ ਕਰ ਦਿੱਤਾ ਪਰ ਲੋਕਾਂ ਦੇ ਘਰਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਹਲ ਨਹੀਂ ਨਿਕਲਿਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਕਾਰਨ ਬਿਮਾਰੀ ਫੈਲ ਸਕਦੀ ਹੈ।