ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 14 ਜੂਨ
ਇੱਥੋਂ ਦੇ ਟੀਡੀਆਈ ਮੈਗਾ ਹਾਊਸਿੰਗ ਸੈਕਟਰ-110 ਦੇ ਪ੍ਰਬੰਧਕਾਂ ਦੀ ਕਥਿਤ ਅਣਦੇਖੀ ਕਾਰਨ ਸੈਕਟਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇਨ੍ਹਾਂ ਵਸਨੀਕਾਂ ਨੇ ਕਲੋਨਾਈਜ਼ਰ ਖ਼ਿਲਾਫ਼ ਲੜੀਵਾਰ ਪੱਕਾ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਫੈਸਲਾ ਅੱਜ ਇੱਥੇ ਟੀਡੀਆਈ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ।
ਉਨ੍ਹਾਂ ਟੀਡੀਆਈ ਦੇ ਪ੍ਰਬੰਧਕਾਂ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੁਸਾਇਟੀ ਨਾਲ ਮੀਟਿੰਗ ਲਈ ਹਰ ਵਾਰ ਨਵਾਂ ਪ੍ਰਬੰਧਕ ਨਿਯੁਕਤ ਕਰ ਦਿੱਤਾ ਜਾਂਦਾ ਹੈ। ਨਵਾਂ ਅਧਿਕਾਰੀ ਪਿਛਲੀਆਂ ਮੀਟਿੰਗਾਂ ਵਿੱਚ ਹੋਏ ਫੈਸਲਿਆਂ ਬਾਰੇ ਅਨਜਾਣਤਾ ਪ੍ਰਗਟ ਕਰਦਿਆਂ ਛੇਤੀ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਲਾਰਾ ਲਗਾ ਕੇ ਤੁਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟੀਡੀਆਈ ਸੈਕਟਰ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਬਿਜਲੀ ਦੇ ਟਰਾਂਸਫਰਮਰ ਰਿਪੇਅਰ ਕਰਨ ਦੀ ਲੋੜ ਹੈ ਤੇ ਕਲੱਬ ਦਾ ਕੰਮ ਅਧੂਰਾ ਪਿਆ ਹੈ। ਸੀਵਰੇਜ ਸਹੀ ਤਰੀਕੇ ਨਾਲ ਨਹੀਂ ਜੋੜਿਆ ਗਿਆ ਅਤੇ ਇੰਜਣ ਨਾਲ ਪਾਣੀ ਕੱਢ ਕੇ ਖੇਤਾਂ ਨੂੰ ਲਾਇਆ ਜਾਂਦਾ ਹੈ। ਇਸੇ ਦੌਰਾਨ ਜਸਵੀਰ ਸਿੰਘ ਗੜਾਂਗ, ਆਰਐੱਸ ਗਿੱਲ, ਐਡਵੋਕੇਟ ਅਸ਼ੋਕ ਕੁਮਾਰ ਅਤੇ ਅਸ਼ੋਕ ਡੋਗਰਾ ਨੇ ਕਿਹਾ ਕਿ ਜ਼ਿਆਦਾਤਰ ਪਾਰਕਾਂ ਦੀ ਹਾਲਤ ਤਰਸਯੋਗ ਹੈ ਤੇ ਪਿਛਲੇ ਦਿਨੀਂ ਇਕ ਮਜ਼ਦੂਰ ਨੂੰ ਸੱਪ ਨੇ ਡਸ ਲਿਆ ਸੀ। ਉਨ੍ਹਾਂ ਨੇ ਪ੍ਰਬੰਧਾਂ ’ਚ ਸੁਧਾਰ ਲਈ ਟੀਡੀਆਈ ਪ੍ਰਬੰਧਕਾਂ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੱਤਾ।
ਪ੍ਰਾਜੈਕਟ ਡਾਇਰੈਕਟਰ ਨੇ ਦੋਸ਼ ਨਕਾਰੇ
ਟੀਡੀਆਈ ਦੇ ਪ੍ਰਾਜੈਕਟ ਡਾਇਰੈਕਟਰ ਰੋਹਿਤ ਗੋਗੀਆ ਨੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੁੱਝ ਲੋਕ ਆਪਣੀ ਲੀਡਰੀ ਚਮਕਾਉਣ ਲਈ ਕੰਪਨੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸੈਕਟਰ ਵਿਚਲੇ ਜ਼ਿਆਦਾਤਰ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਸੜਕਾਂ ਵੀ ਠੀਕ ਹਨ। ਉਨ੍ਹਾਂ ਕਿਹਾ ਕਿ ਕਲੱਬ ਦੀ ਉਸਾਰੀ ਦਾ ਕੰਮ ਜਾਰੀ ਸੀ ਪਰ ਕਰੋਨਾ ਕਾਰਨ ਮਜ਼ਦੂਰ ਪਿੱਤਰੀ ਰਾਜਾਂ ਵਿੱਚ ਪਰਤ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕਾਂ ਦਾ ਪੈਚਵਰਕ ਬਰਸਾਤ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਦੂਜੇ ਪ੍ਰਾਜੈਕਟ ਵਿੱਚ ਵੱਖਰਾ ਕਲੱਬ ਚਲ ਰਿਹਾ ਹੈ। ਸਥਾਨਕ ਲੋਕਾਂ ਨੂੰ ਉੱਥੇ ਜਾਣ ਦੀ ਪੂਰੀ ਖੁੱਲ੍ਹ ਹੈ।