ਜਗਮੋਹਨ ਸਿੰਘ
ਰੂਪਨਗਰ, 7 ਨਵੰਬਰ
ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਅਹੁਦੇ ਤੋਂ ਹਟਾਏ ਜਾਣ ਉਪਰੰਤ ਅੱਜ ਜ਼ਿਲ੍ਹਾ ਰੂਪਨਗਰ ਦੇ ਸਮੁੱਚੇ ਪਾਰਟੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਸਮੂਹਿਕ ਤੌਰ ’ਤੇ ਅਸਤੀਫੇ ਦਿੰਦਿਆਂ ਪਾਰਟੀ ਤੋਂ ਆਪਣਾ ਨਾਤਾ ਤੋੜ ਲਿਆ ਹੈ।
ਇਸ ਸਬੰਧੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਅਧੀਨ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਬਸਪਾ ਦੇ ਸਮੂਹ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਜਸਵੀਰ ਸਿੰਘ ਗੜ੍ਹੀ ਦੀ ਬਰਖ਼ਾਸਤਗੀ ਵਿਰੁੱਧ ਰੋਸ ਜਤਾਉਂਦਿਆਂ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਇਕਾਈਆਂ ਸਣੇ ਜ਼ਿਲ੍ਹਾ ਜਥੇਬੰਦੀ ਦੇ ਸਮੂਹ ਆਗੂਆਂ ਨੇ ਆਪਣੇ ਅਸਤੀਫੇ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ ਹਨ। ਸ੍ਰੀ ਗੋਲਡੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਹਰਿਆਣਾ ਦੇ ਸੋਮਵੀਰ ਬੋਧ ਨਾਮ ਦੇ ਵਿਅਕਤੀ ’ਤੇ ਆਪਣੀ ਫੇਸਬੁੱਕ ਆਈਡੀ ਰਾਹੀਂ ਹਰਿਆਣਾ ਸੂਬੇ ਅੰਦਰ ਘੁਟਾਲੇ ਕਰ ਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਲੱਗਣ ਕਾਰਨ ਕਾਰਵਾਈ ਤਾਂ ਸ੍ਰੀ ਬੈਨੀਵਾਲ ’ਤੇ ਹੋਣੀ ਬਣਦੀ ਸੀ, ਪਰ ਪਾਰਟੀ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਬਿਨਾਂ ਕਿਸੇ ਕਾਰਨ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਹੈ, ਜਿਸ ਕਰ ਕੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਅਹੁਦੇਦਾਰ ਤੇ ਵਰਕਰ ਡਾਢੇ ਨਿਰਾਸ਼ ਹਨ। ਉਨ੍ਹਾਂ ਦੱਸਿਆ ਕਿ ਅਸਤੀਫਾ ਦੇਣ ਵਾਲਿਆਂ ਵਿੱਚ ਸੂਬਾ ਸਕੱਤਰ ਮਾਸਟਰ ਰਾਮਪਾਲ ਆਬਿਆਣਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਮੀਤ ਪ੍ਰਧਾਨ ਗੁਰਚਰਨ ਸਿੰਘ, ਖ਼ਜ਼ਾਨਚੀ ਸੁਰਿੰਦਰ ਕੁਮਾਰ, ਮੀਡੀਆ ਇੰਚਾਰਜ ਸੁਖਦੀਪ ਸਿੰਘ ਘਨੌਲੀ ਸਣੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਇਕਾਈਆਂ ਦੇ ਅਹੁਦੇਦਾਰ, ਜ਼ਿਲ੍ਹਾ ਜਥੇਬੰਦੀ ਅਤੇ ਮਹਿਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਦੇ ਨਾਮ ਸ਼ਾਮਲ ਹਨ।