ਆਤਿਸ਼ ਗੁਪਤਾ
ਚੰਡੀਗੜ੍ਹ, 17 ਮਈ
ਚੰਡੀਗੜ੍ਹ ਵਿੱਚ ਲਗਾਤਾਰ ਵਧਦੇ ਜਾ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਨੂੰ 25 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਵਰਗ ਦੇ ਦੋ ਹਜ਼ਾਰ ਨੌਜਵਾਨਾਂ ਦੀ ਰੋਜ਼ਾਨਾ ਵੈਕਸੀਨੇਸ਼ਨ ਕੀਤੀ ਜਾਵੇਗੀ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 25 ਮਈ ਤੱਕ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਜਦਕਿ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ਼ਹਿਰ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ ਜਾਰੀ। ਇਹ ਆਦੇਸ਼ 18 ਮਈ ਸਵੇਰੇ 5 ਵਜੇ ਤੋਂ ਲੈ ਕੇ 25 ਮਈ ਸਵੇਰੇ 5 ਵਜੇ ਤੱਕ ਜਾਰੀ ਰਹਿਣਗੇ। ਪ੍ਰਸ਼ਾਸਕ ਨੇ ਦੱਸਿਆ ਕਿ ਹਫ਼ਤਾਵਰੀ ਲੌਕਡਾਊਨ ਜਾਰੀ ਰਹੇਗਾ।
ਕੇਂਦਰੀ ਗ੍ਰਹਿ ਮੰਤਰਾਲੇ ਦੀ ਹਦਾਇਤਾਂ ’ਤੇ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 18 ਸਾਲ ਤੋਂ ਵੱਧ ਉਮਰ ਵਰਗ ਦੇ ਨੌਜਵਾਨਾਂ ਦੇ ਕਰੋਨਾ ਰੋਕੂ ਟੀਕਾ ਲਗਾਇਆ ਜਾ ਰਿਹਾ ਹੈ। ਰੋਜ਼ਾਨਾ ਦੋ ਹਜ਼ਾਰ ਨੌਜਵਾਨਾਂ ਦੇ ਟੀਕਾ ਲਗਾਇਆ ਜਾਵੇਗਾ ਜਦਕਿ ਪਹਿਲਾਂ ਇਹ ਇਕ ਹਜ਼ਾਰ ਲੋਕਾਂ ਦੇ ਰੋਜ਼ ਲਗਾਇਆ ਜਾ ਰਿਹਾ ਸੀ।
ਪ੍ਰਸ਼ਾਸਕ ਨੇ ਕਿਹਾ ਕਿ ਵੈਕਸੀਨ ਦੀ ਵੱਧ ਸਪਲਾਈ ਹੋਣ ’ਤੇ ਇਹ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਅੱਗੇ ਆਉਣ ਵਾਲੇ ਭਾਰਤੀ ਫੌਜ ਅਤੇ ਸਮਾਜਿਕ ਸੰਸਥਾਵਾਂ ਦੇ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਮਿਨੀ ਕੋਵਿਡ ਕੇਅਰ ਸੈਂਟਰ ਸਥਾਪਿਤ ਕਰ ਲਏ ਹਨ। ਪ੍ਰਸ਼ਾਸਕ ਨੇ ਹੋਰਨਾਂ ਜਥੇਬੰਦੀਆਂ ਨੂੰ ਪ੍ਰਸ਼ਾਸਨ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਦੂਜੇ ਪਾਸੇ ਸ਼ਹਿਰ ਵਿੱਚ ਦੁਕਾਨਾਂ ਬੰਦ ਹੋਣ ਕਰਕੇ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਪ੍ਰਸ਼ਾਸਨ ਤੋਂ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ’ਤੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਮਾਰਕੀਟ ਐਸੋਸੀਏਸ਼ਨ ਅਤੇ ਸਨਅਤੀ ਐਸੋਸੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਐਸੋਸੀਏਸ਼ਨ ਆਗੂਆਂ ਨੇ ਤਾਲਾਬੰਦੀ ਕਰਕੇ ਹੋ ਰਹੇ ਘਾਟੇ ਦਾ ਜ਼ਿਕਰ ਕੀਤਾ ਤਾਂ ਸ੍ਰੀ ਪਰੀਦਾ ਨੇ ਉਨ੍ਹਾਂ ਨੂੰ ਬਣਦੀ ਰਿਆਇਤਾਂ ਦੇਣ ਦਾ ਵਿਸ਼ਵਾਸ ਦਵਾਇਆ।
ਹਸਪਤਾਲਾਂ ਵਿੱਚ ਆਕਸੀਜਨ ਦਾ ਕੋਟਾ ਵਧਾਇਆ
ਸ਼ਹਿਰ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਵਰਤੋਂ ਸਬੰਧੀ ਸੈਕਟਰ-32 ਅਤੇ 16 ਦੇ ਸੀਨੀਅਰ ਅਧਿਕਾਰੀਆਂ ਨੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਦੌਰਾ ਕੀਤਾ। ਇਸ ਦੌਰਾਨ ਹਸਪਤਾਲ ਵਿੱਚ ਆਕਸੀਜਨ ਸਿਲੰਡਰਾਂ ਦੀ ਜਾਂਚ ਕੀਤੀ। ਇਸ ਮਗਰੋਂ ਡਾਕਟਰਾਂ ਦੀ ਟੀਮ ਨੇ ਸ਼ਹਿਰ ਦੇ ਨਿੱਜੀ ਹਸਪਤਾਲਾਂ ਲਈ ਆਕਸੀਜਨ ਦਾ ਕੋਟਾ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ 20 ਐੱਮਟੀ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਿੰਨ ਹੋਰ ਆਕਸੀਜਨ ਪਲਾਂਟਾਂ ਤੋਂ ਆਕਸੀਜਨ ਮਿਲ ਰਹੀ ਹੈ।
8 ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 8 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਸੈਕਟਰ-29, 47, ਇੰਦਰਾ ਕਲੋਨੀ, ਸ਼ਾਸਤਰੀ ਨਗ ਮਨੀਮਾਜਰਾ, ਮੜੀਵਾਲਾ ਟਾਊਨ ਮਨੀਮਾਜਰਾ ਅਤੇ ਮੋੜੀਗੇਟ ਮਨੀਮਾਜਰਾ ਅਤੇ ਨਵੀਂ ਇੰਦਰਾ ਕਲੋਨੀ ਦੇ ਚੋਣਵੇਂ ਘਰ ਸ਼ਾਮਲ ਹਨ।