ਪੀ.ਪੀ. ਵਰਮਾ
ਪੰਚਕੂਲਾ, 5 ਜਨਵਰੀ
ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਅਤੇ ਰਾਏਪੁਰ ਰਾਣੀ ਬਲਾਕ ਵਿੱਚ 120 ਤੋਂ ਵੱਧ ਪੋਲਟਰੀ ਫਾਰਮਾਂ ’ਤੇ ਬਰਡ ਫਲੂ ਦਾ ਖ਼ਤਰਾ ਬਣ ਗਿਆ ਹੈ। ਹੁਣ ਦੁਬਾਰਾ ਸੈਂਪਲ ਲਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮੁਕੇਸ਼ ਆਹੂਜਾ ਨੇ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਐਲਾਨਿਆ ਜਾਵੇਗਾ ਕਿ ਇਹ ਬਰਡ ਫਲੂ ਹੈ ਜਾਂ ਨਹੀਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੀ ਖਦਸ਼ਾ ਹੈ ਕਿ ਇਲਾਕੇ ਦੇ ਵੱਡੇ ਮੁਰਗੀ ਖਾਨਿਆਂ ਵਿੱਚ ਲਰੋਂਜੋ ਟ੍ਰੈਕਸਿਸ ਅਤੇ ਰਾਣੀ ਖੇਤ ਬਿਮਾਰੀ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮੁਰਗੀਆਂ ਮਰਨ ਦਾ ਕਾਰਨ ਪੋਲਟਰੀ ਫਾਰਮਾਂ ਵਾਲਿਆਂ ਦੀ ਲਾਪਰਵਾਹੀ ਜਾਪਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੇਤਰੀ ਰੋਗ ਨਿਧਾਨ ਲੈਬਾਰਟਰੀ (ਆਰਡੀਡੀਐਲ) ਜਲੰਧਰ ਤੋਂ ਰਿਪੋਰਟ ਹਾਲੇ ਆਈ ਨਹੀਂ ਹੈ। ਰਿਪੋਰਟ ਆਉਣ ਤੋਂ ਬਾਅਦ ਪੋਲਟਰੀ ਫਾਰਮਾਂ ਵਾਲਿਆਂ ’ਤੇ ਵੱਡਾ ਐਕਸ਼ਨ ਲਿਆ ਜਾਵੇਗਾ।
ਦੂਜੇ ਪਾਸੇ ਤਿੰਨ ਦਰਜਨ ਪੋਲਟਰੀ ਫਾਰਮਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੁਰਗੀਆਂ ਦਾ ਕਾਰਨ ਮਾਲਕ ਠੰਢ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਤੇ ਇਸ ਵਾਰ ਜਿਹੜੇ ਟੀਕੇ ਲਾਏ ਗਏ ਹਨ ਉਨ੍ਹਾਂ ਵਿੱਚ ਗੜਬੜ ਕਾਰਨ ਮੁਰਗੀਆਂ ਦੀ ਮੌਤ ਹੋਈ ਹੈ। ਪੰਚਕੂਲਾ ਜ਼ਿਲ੍ਹੇ ਵਿੱਚ ਉਤਰ ਭਾਰਤ ਦੇ ਸਭ ਤੋਂ ਵੱਧ ਪੋਲਟਰੀ ਫਾਰਮ ਹਨ। ਪੋਲਟਰੀ ਫਾਰਮਾਂ ਦੀ ਹੱਬ ਕਹੇ ਜਾਣ ਵਾਲੇ ਇਸ ਇਲਾਕੇ ਵਿੱਚੋਂ ਹਰਿਆਣਾ, ਪੰਜਾਬ, ਹਿਮਾਚਲ ਅਤੇ ਦਿੱਲੀ ਨੂੰ ਸਭ ਤੋਂ ਵੱਧ ਅੰਡਿਆਂ ਦੀ ਸਪਲਾਈ ਹੁੰਦੀ ਹੈ।