ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 6 ਨਵੰਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੇ 14 ਸਾਲਾ ਵਰਗ ਦੇ ਮੁਕਾਬਲੇ ਸਮਾਪਤ ਹੋ ਗਏ। ਲੜਕਿਆਂ ਦੇ ਓਪਨ ਸਾਈਟ ਦੇ ਵਿਅਕਤੀਗਤ ਮੁਕਾਬਲੇ ਵਿੱਚ ਸੰਗਰੂਰ ਦਾ ਸਮਰੱਥ ਸਿੰਘ ਪਹਿਲੇ, ਇਸ਼ਟਵੀਰ ਸਿੰਘ ਰੂਪਨਗਰ ਦੂਜੇ ਅਤੇ ਜਸਨੂਰ ਸਿੰਘ ਜਗਦਿਓ ਬਠਿੰਡਾ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਪਟਿਆਲਾ ਦੀ ਓਨਮ ਨੇ ਪਹਿਲਾ, ਪਟਿਆਲਾ ਦੀ ਹੀ ਸਾਖ਼ਸੀ ਨੇ ਦੂਜਾ ਅਤੇ ਮਾਨਸਾ ਦੀ ਅਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਅਧਿਆਤਮ ਪ੍ਰਕਾਸ਼ ਤਿਊੜ ਅਤੇ ਸੁਪਰੀਤ ਸਿੰਘ ਨੇ ਦੱਸਿਆ ਕਿ ਸ਼ੂਟਿੰਗ ਲੜਕਿਆਂ ਦੇ 14 ਸਾਲ ਵਰਗ ਦੇ ਓਪਨ ਸਾਈਟ ਟੀਮ ਮੁਕਾਬਲੇ ਵਿੱਚ ਸੰਗਰੂਰ ਦੇ ਸਮਰੱਥ ਸਿੰਘ, ਪ੍ਰਭਜੋਤ ਸਿੰਘ ਤੇ ਸਾਹਿਜ਼ੋਤ ਸਿੰਘ ਧਾਲੀਵਾਲ ’ਤੇ ਆਧਾਰਤਿ ਟੀਮ ਨੇ ਪਹਿਲਾ, ਰੂਪਨਗਰ ਦੀ ਅੰਸ਼ਦੀਪ ਸਿੰਘ, ਕਰਨਪ੍ਰੀਤ ਸਿੰਘ ਤੇ ਇਸ਼ਟਵਰਦੀਪ ਸਿੰਘ ’ਤੇ ਆਧਾਰਤ ਟੀਮ ਨੇ ਦੂਜਾ ਅਤੇ ਪਟਿਆਲਾ ਦੇ ਨੂਰਜੋਤ ਸਿੰਘ ਅਜੈਪਾਲ, ਰੀਤਿਕਾ ਜੋਸ਼ੀ ਤੇ ਸੁਖਮਨਪ੍ਰੀਤ ਸਿੰਘ ’ਤੇ ਆਧਾਰਤ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਟੀਮ ਮੁਕਾਬਲੇ ਵਿੱਚ ਪਟਿਆਲਾ ਦੀਆਂ ਰਿਜ਼ੁਲ ਗੋਇਲ, ਓਨਮ ਤੇ ਸਾਕਸ਼ੀ ਸ਼ਾਮਿਲ ਨੇ ਪਹਿਲਾ, ਰੂਪਨਗਰ ਦੀਆਂ ਜਸ਼ਨਦੀਪ ਕੌਰ, ਸਿਮਰਨਜੀਤ ਕੌਰ ਤੇ ਸੁਖਮਨਦੀਪ ਕੌਰ ਨੇ ਦੂਜਾ ਅਤੇ ਸੰਗਰੂਰ ਦੀਆਂ ਸੇਜ਼ੁਲ ਪੋਪਲੀ, ਸਨੋਵਰ ਹੰਜ਼ਰਾ ਤੇ ਆਲੀਆ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਹੋਏ ਇਨਾਮ ਵੰਡ ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਸਰੀਰਕ ਸਿੱਖਿਆ) ਸੁਨੀਲ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਦੀ ਪ੍ਰਧਾਨਗੀ ਡਾ. ਇੰਦੂ ਬਾਲਾ ਨੇ ਕੀਤੀ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇਨਾਮਾਂ ਦੀ ਵੰਡ ਵੀ ਕੀਤੀ।