ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 17 ਸਤੰਬਰ
ਪਿਛਲੇ ਚਾਰ ਦਹਾਕਿਆਂ ਤੋਂ ਉਜਾੜੇ ਦਾ ਸੰਤਾਪ ਭੋਗ ਰਹੇ ’84 ਕਤਲੇਆਮ ਪੀੜਤਾਂ ਦੇ ਸੈਂਕੜੇ ਪਰਿਵਾਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੇ ਮੁੜ ਵਸੇਬੇ ਨੂੰ ਅਣਗੌਲਿਆ ਕਰਨ ਦੇ ਬਾਵਜੂਦ ਦੰਗਾ ਪੀੜਤ ਪਰਿਵਾਰਾਂ ਨੇ ਆਪਣੇ ਪੱਲਿਓਂ ਪੈਸੇ ਖ਼ਰਚ ਕੇ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਮਦਨਪੁਰ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਮਕਾਨ ਬਣਾਉਣ) ਲਈ 22 ਏਕੜ ਜ਼ਮੀਨ ਖ਼ਰੀਦੀ ਸੀ ਪਰ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਵੀ ਦੰਗਾ ਪੀੜਤ ਪਰਿਵਾਰ ਠੋਕਰਾਂ ਖਾਣ ਲਈ ਮਜਬੂਰ ਹਨ। ਦੌਰਾਨ ਸੁਸਾਇਟੀ ਦੇ ਬੁਲਾਰੇ ਜਸਪਾਲ ਸਿੰਘ ਭਾਟੀਆ ਅਤੇ ਮੈਂਬਰ ਆਰਪੀ ਸਿੰਘ ਵਿੱਗ ਨੇ ਦੱਸਿਆ ਕਿ ਮਦਨਪੁਰ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਦੇ ਕੁੱਲ 1083 ਮੈਂਬਰ ਹਨ। ਉਨ੍ਹਾਂ ਦੱਸਿਆ ਕਿ 1986 ਤੋਂ 2020 ਤੱਕ ਵੱਖ-ਵੱਖ ਸਰਕਾਰਾਂ ਨੇ ਇਸ ਜ਼ਮੀਨ ਨੂੰ ਵਿਕਸਿਤ ਕਰਨ ਲਈ ਤਵੱਜੋਂ ਨਹੀਂ ਦਿੱਤੀ ਅਤੇ ਨਾ ਹੀ ਸਹਿਕਾਰਤਾ ਵਿਭਾਗ ਨੇ ਸੁਸਾਇਟੀ ਦੇ ਰਿਹਾਇਸ਼ੀ ਪ੍ਰਾਜੈਕਟ ਨੂੰ ਵਿਕਸਤ ਕਰਨ ਜਾਂ ਹੋਰ ਲੋੜੀਂਦੀ ਸਹਾਇਤਾ ਕਰਨ ਦੀ ਲੋੜ ਸਮਝੀ। ਜਦੋਂਕਿ ਸਮੇਂ ਸਮੇਂ ’ਤੇ ਗਮਾਡਾ ਅਤੇ ਸਹਿਕਾਰਤਾ ਵਿਭਾਗ ਉਨ੍ਹਾਂ ਦੇ ਕੰਮ ਵਿੱਚ ਰੁਕਾਵਟਾਂ ਅਤੇ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਆਏ ਹਨ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਗਮਾਡਾ ਦਫ਼ਤਰ ਦਾ ਘਿਰਾਓ ਦੀ ਚਿਤਾਵਨੀ ਦਿੱਤੀ।