ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਕਤੂਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਮ੍ਰਿਤੁੰਜਯ-ਨੌਰਾ ਧੜੇ ਦੀ ਦੂਸਰੀ ਵਾਰ ਵੀ ਚੜ੍ਹਤ ਬਰਕਰਾਰ ਰਹੀ ਹੈ। ਅੱਜ ਐਲਾਨੇ ਨਤੀਜਿਆਂ ਵਿੱਚ ਡਾ. ਮ੍ਰਿਤੁੰਜਯ ਕੁਮਾਰ ਪ੍ਰਧਾਨ, ਪ੍ਰੋ. ਸੁਪਿੰਦਰ ਕੌਰ ਮੀਤ ਪ੍ਰਧਾਨ, ਪ੍ਰੋ. ਅਮਰਜੀਤ ਸਿੰਘ ਨੌਰਾ ਜਨਰਲ ਸਕੱਤਰ, ਸਰਵਨਰਿੰਦਰ ਕੌਰ ਜੁਆਇੰਟ ਸੈਕਟਰੀ ਅਤੇ ਨਿਤਿਨ ਅਰੋੜਾ ਨੂੰ ਕੈਸ਼ੀਅਰ ਚੁਣ ਲਿਆ ਗਿਆ। ਮਨੂ-ਕਸ਼ਮੀਰ ਧੜੇ ਦਾ ਕੋਈ ਵੀ ਉਮੀਦਵਾਰ ਮੁੱਖ ਅਹੁਦਿਆਂ ਤੋਂ ਚੋਣ ਨਹੀਂ ਜਿੱਤ ਸਕਿਆ। ਲਾਅ ਆਡੀਟੋਰੀਅਮ ਵਿੱਚ ਅੱਜ ਇਹ ਨਤੀਜਾ ਰਿਟਰਨਿੰਗ ਅਫ਼ਸਰ ਪ੍ਰੋ. ਵਿਜੇ ਨਾਗਪਾਲ ਵੱਲੋਂ ਐਲਾਨਿਆ ਗਿਆ। ਮੁੱਖ ਅਹੁਦਿਆਂ ਤੋਂ ਇਲਾਵਾ ਗਰੁੱਪ-1 ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਮ੍ਰਿਤੁੰਜਯ-ਨੌਰਾ ਧੜੇ ਦੇ ਸੁਮਨ ਸੁੰਮੀ, ਜਸਵੀਰ ਸਿੰਘ ਅਤੇ ਦੂਜੇ ਧੜੇ ਦੇ ਨੀਰਜ ਕੁਮਾਰ ਸਿੰਘ ਜੇਤੂ ਰਹੇ ਜਦਕਿ ਚੌਥੀ ਪੁਜ਼ੀਸ਼ਨ ਵਿੱਚ ਗੌਤਮ ਬਹਿਲ ਅਤੇ ਅਨੁਪਮ ਬਰਾਬਰੀ ’ਤੇ ਰਹੇ। ਗਰੁੱਪ-2 ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਮ੍ਰਿਤੁੰਜਯ-ਨੌਰਾ ਧੜੇ ਦੇ ਵਿਜੇਤਾ ਚੱਢਾ, ਸੰਤੋਸ਼ ਉਪਾਧਿਆਇ, ਨਵਨੀਤ ਕੌਰ ਜੇਤੂ ਰਹੇ ਜਦਕਿ ਚੌਥੀ ਪੁਜੀਸ਼ਨ ਉਤੇ ਵੱਖ-ਵੱਖ ਧੜਿਆਂ ਦੇ ਤਿੰਨ ਉਮੀਦਵਾਰ ਮਮਤਾ ਗੁਪਤਾ, ਸੁਮਨ ਮੌੜ ਤੇ ਬਲਰਾਮ ਸੂਦਨ ਬਰਾਬਰੀ ’ਤੇ ਰਹੇ। ਗਰੁੱਪ-3 ਵਿੱਚ ਮ੍ਰਿਤੁੰਜਯ-ਨੌਰਾ ਗਰੁੱਪ ਦੇ ਅੰਮ੍ਰਿਤਪਾਲ ਕੌਰ, ਅਨਿਲ ਕੁਮਾਰ (ਯੂ.ਆਈ.ਈ.ਟੀ.), ਪ੍ਰਵੀਨ ਗੋਇਲ ਜੇਤੂ ਰਹੇ ਜਦਕਿ ਚੌਥੀ ਪੁਜੀਸ਼ਨ ਵਿੱਚ ਦੋਵੇਂ ਧੜਿਆਂ ਦੇ ਨੀਰਜ ਅਗਰਵਾਲ ਅਤੇ ਅਨੁਪਮ ਬਾਹਰੀ ਬਰਾਬਰੀ ਉੱਤੇ ਰਹੇ। ਗਰੁੱਪ-4 ਵਿੱਚੋਂ ਕੇਸ਼ਵ ਮਲਹੋਤਰਾ ਅਤੇ ਗਰੁੱਪ-5 ਵਿੱਚੋਂ ਡਾ. ਕਮਲਾ (ਯੂਸੋਲ) ਦਾ ਕੋਈ ਵਿਰੋਧੀ ਉਮੀਦਵਾਰ ਨਾ ਹੋਣ ਕਰਕੇ ਮ੍ਰਿਤੁੰਜਯ-ਨੌਰਾ ਗਰੁੱਪ ਦੇ ਦੋਵੇਂ ਉਮੀਦਵਾਰ ਨਿਰਵਿਰੋਧ ਚੁਣੇ ਗਏ। ਜਾਣਕਾਰੀ ਮੁਤਾਬਕ ਦੋ ਉਮੀਦਵਾਰ ਗੌਰਵ ਗੌੜ ਅਤੇ ਪ੍ਰਿਯਾਤੋਸ਼ ਸ਼ਰਮਾ ਨੂੰ ਇਸ ਵਾਰ ਵੀਸੀ ਵੱਲੋਂ ਨਵੀਂ ਸੈਨੇਟ ਵਿੱਚ ਸੈਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਦੋਵੇਂ ਪੂਟਾ ਦੀ ਚੋਣ ਵੀ ਲੜ ਰਹੇ ਸਨ ਪਰ ਦੋਵੇਂ ਇਹ ਚੋਣ ਹਾਰ ਗਏ ਹਨ।
ਨਵੀਂ ਟੀਮ ਵੱਲੋਂ ਜਨਰਲ ਬਾਡੀ ਮੀਟਿੰਗ
ਨਵੀਂ ਚੁਣੀ ਗਈ ਟੀਮ ਵੱਲੋਂ ਸਾਲਾਨਾ ਜਨਰਲ ਬਾਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਚੋਣਾਂ ਵਿੱਚ ਜਿੱਤ ਦਰਜ ਕਰਵਾਉਣ ਲਈ ਸਾਰੇ ਵੋਟਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਦੀ ਬਿਹਤਰੀ ਲਈ ਡਟ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਾਬਕਾ ਪ੍ਰਧਾਨ ਮੈਡਮ ਰਾਜੇਸ਼ ਗਿੱਲ ਮੌਜੂਦ ਸਨ।