ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਦਫ਼ਤਰ ਨੇ ਵਾਹਨ ਰਜਿਸਟਰੇਸ਼ਨ ਨੰਬਰਾਂ ਦੀ ਨਵੀਂ ਸੀਰੀਜ਼ ‘ਸੀਐਚ01-ਸੀਐਮ’ ਦੇ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਨਿਲਾਮੀ ਤੋਂ ਦੋ ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਆਰਐਲਏ ਵੱਲੋਂ ਨਵੀਂ ਸੀਰੀਜ਼ ਦੇ 0001 ਤੋਂ 9999 ਤੱਕ ਦੇ ਫੈਂਸੀ ਅਤੇ ਮਨਪਸੰਦ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਸਮੇਤ ਪਿਛਲੀ ਸੀਰੀਜ਼ ਦੇ ਬਚੇ ਹੋਏ ਰਜਿਸਟ੍ਰੇਸ਼ਨ ਨੰਬਰਾਂ ਲਈ 27 ਅਕਤੂਬਰ ਤੋਂ 29 ਅਕਤੂਬਰ ਤੱਕ ਈ-ਨਿਲਾਮੀ ਕੀਤੀ ਗਈ ਸੀ। ਈ-ਨਿਲਾਮੀ ਵਿੱਚ ਨਵੀਂ ਸੀਰੀਜ਼ ‘ਸੀਐਚ01-ਸੀਐਮ-0001’ ਨੰਬਰ 18 ਲੱਖ 19 ਹਜ਼ਾਰ ਵਿੱਚ ਨਿਲਾਮ ਹੋਇਆ।
ਆਰਐੱਲਏ ਅਧਿਕਾਰੀ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਇਸ ਨਿਲਾਮੀ ਦੌਰਾਨ ਕੁੱਲ 466 ਫੈਂਸੀ ਅਤੇ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਤੋਂ ਆਰਐੱਲਏ ਨੇ ਕੁਲ 2 ਕਰੋੜ 13 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਨੰਬਰ ਸੀਐਚ 01-ਸੀਐਮ-0001 ਸਭ ਤੋਂ ਵੱਧ ਕੀਮਤ ’ਚ ਨਿਲਾਮ ਹੋਇਆ ਅਤੇ ਇਸ ਤੋਂ ਬਾਅਦ ਦੂਜੇ ਨੰਬਰ ’ਤੇ ਇਸੇ ਸੀਰੀਜ਼ ਦਾ 0009 ਨੰਬਰ 7 ਲੱਖ 65 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ। ਜ਼ਿਕਰਯੋਗ ਹੈ ਕਿ ਆਰਐਲਏ ਵਲੋਂ ਨਵੀਂ ਲੜੀ ਦੇ ਫੈਂਸੀ ਅਤੇ ਮਨਪਸੰਦ ਨੰਬਰਾਂ ਨੂੰ ਈ-ਨਿਲਾਮੀ ਰਾਹੀਂ ਨਿਲਾਮ ਕੀਤਾ ਜਾਂਦਾ ਹੈ।