ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ
ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਹਰ ਸਮੇਂ ਚੌਕਸੀ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਦੋਂ ਕਿ ਅੱਜ ਸੈਕਟਰ-35 ਵਿੱਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਦੋ ਨੌਜਵਾਨ ਕੁਰੀਅਰ ਦੇਣ ਦੇ ਬਹਾਨੇ ਇਕ ਘਰ ਵਿੱਚ ਦਾਖਲ ਹੋ ਗਏ। ਘਰ ਵਿੱਚ ਇਕੱਲੀ ਔਰਤ ਮੌਜੂਦ ਸੀ, ਜਿਸ ਨੂੰ ਬੰਦੁਕ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਔਰਤ ਵੱਲੋਂ ਰੌਲਾ ਪਾਉਣ ’ਤੇ ਦੋਵੇਂ ਨੌਜਵਾਨ ਫਰਾਰ ਹੋ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-35 ਸੀ ਵਿੱਚ ਸਥਿਤ ਘਰ ਵਿੱਚ ਔਰਤ ਇਕੱਲੀ ਸੀ, ਉਸੇ ਦੌਰਾਨ ਦੋ ਨੌਜਵਾਨ ਕੁਰੀਅਰ ਦੇਣ ਦੀ ਬਹਾਨੇ ਘਰ ਵਿੱਚ ਦਾਖਲ ਹੋਏ। ਜਿਨ੍ਹਾਂ ਨੇ ਔਰਤ ਨੂੰ ਇਕੱਲੇ ਦੇਖ ਕੇ ਉਸ ਨੂੰ ਬੰਦੁਕ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਔਰਤ ਵੱਲੋਂ ਰੌਲਾ ਪਾਉਣ ’ਤੇ ਦੋਵੇਂ ਫਰਾਰ ਹੋ ਗਏ। ਉੱਧਰ, ਥਾਣਾ ਸੈਕਟਰ-36 ਦੀ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਘਰ ਵਿੱਚ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।