ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੁਲਾਈ
ਸ਼ਹਿਰ ਦੇ ਸੈਕਟਰ-37 ਵਿੱਚ ਸਥਿਤ ਦੂਰਦਰਸ਼ਨ ਕੇਂਦਰ ਵਿੱਚ ਬੰਬ ਦੀ ਸੂਚਨਾ ਮਿਲਦੇ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ, ਬੰਬ ਸਕੁਐਡ, ਡਾਗ ਸਕੂਐਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ 100 ਮੁਲਾਜ਼ਮਾਂ ਨੇ ਪਹੁੰਚ ਕੇ ਬੰਬ ਦੀ ਭਾਲ ਸ਼ੁਰੂ ਕੀਤੀ। ਪੁਲੀਸ ਨੇ ਡੇਢ ਘੰਟੇ ਤੱਕ ਮਾਮਲੇ ਦੀ ਪੜਤਾਲ ਕੀਤੀ। ਬੰਬ ਦੀ ਜਾਣਕਾਰੀ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਰਾਹੀਂ ਦਿੱਤੀ ਗਈ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਚੰਡੀਗੜ੍ਹ ਪੁਲੀਸ ਨੇ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਵੇਖਦਿਆਂ ਮੌਕ ਡਰਿਲ ਕੀਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸਵੇਰ ਸਮੇਂ ਕਿਸੇ ਨੇ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਰਾਹੀਂ ਸੂਚਨਾ ਦਿੱਤੀ ਕਿ ਚੰਡੀਗੜ੍ਹ ਦੇ ਦੂਰਦਰਸ਼ਨ ਕੇਂਦਰ ਵਿੱਚ ਬੰਬ ਰੱਖਿਆ ਹੋਇਆ ਹੈ। ਜੋ ਕਿ ਕਿਸੇ ਸਮੇਂ ਵੀ ਫੱਟ ਸਕਦਾ ਹੈ। ਇਸ ਬਾਰੇ ਪੁਲੀਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਚੰਡੀਗੜ੍ਹ ਪੁਲੀਸ ਨੇ ਵੱਖ-ਵੱਖ ਵਿੰਗਾਂ ਦੇ 100 ਦੇ ਕਰੀਬ ਮੁਲਾਜ਼ਮ ਕੁਝ ਮਿੰਟਾਂ ਵਿੱਚ ਹੀ ਦੂਰਦਰਸ਼ਨ ਕੇਂਦਰ ’ਤੇ ਪਹੁੰਚ ਗਏ। ਪੁਲੀਸ ਦੀ ਗਸ਼ਤ ਨੂੰ ਵੇਖ ਕੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਨੇ ਡੇਢ ਘੰਟਾ ਦੇ ਕਰੀਬ ਦੂਰਦਰਸ਼ਨ ਕੇਂਦਰ ਵਿੱਚ ਸਰਚ ਅਪਰੇਸ਼ਨ ਚਲਾਇਆ। ਆਖੀਰ ਵਿੱਚ ਪਤਾ ਲੱਗਾ ਕਿ ਇਹ ਚੰਡੀਗੜ੍ਹ ਪੁਲੀਸ ਨੇ ਮੌਕ ਡਰਿਲ ਕੀਤੀ ਸੀ।
ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਵੱਲੋਂ ਪਹਿਲਾਂ ਸੈਕਟਰ-34 ਸਥਿਤ ਆਲ ਇੰਡੀਆ ਰੇਡੀਓ ਅਤੇ ਸੈਕਟਰ-17 ’ਚ ਸਥਿਤ ਮੁੱਖ ਡਾਕਘਰ ਵਿੱਚ ਵੀ ਮੌਕ ਡਰਿਲ ਕੀਤੀ ਜਾ ਚੁੱਕੀ ਹੈ। ਉਸ ਸਮੇਂ ਵੀ ਕਿਸੇ ਨੇ ਅਚਾਨਕ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਨੇ ਤੁਰੰਤ ਪਹੁੰਚ ਕੇ ਮੋਰਚਾ ਸਾਂਭਿਆ। ਉਸ ਸਮੇਂ ਵੀ ਕ੍ਰਾਈਮ ਬ੍ਰਾਂਚ, ਬੰਬ ਸਕੁਐਡ, ਡਾਗ ਸਕੁਐਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਕੰਮ ਕੀਤਾ ਸੀ।
ਪੁਲੀਸ ਦੀ ਮੁਸਤੈਦੀ ਪਰਖਣ ਲਈ ਹੁੰਦੀ ਹੈ ਮੌਕ ਡਰਿਲ
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਦੱੱਸਿਆ ਕਿ ਪੁਲੀਸ ਨੂੰ 24 ਘੰਟੇ ਮੁਸਤੈਦ ਰਹਿਣਾ ਪੈਂਦਾ ਹੈ ਤਾਂ ਜੋ ਐਮਰਜੈਂਸੀ ਦੇ ਹਾਲਾਤ ਨੂੰ ਚੌਕਸੀ ਨਾਲ ਨਜਿੱਠਿਆ ਜਾ ਸਕੇ। ਇਸੇ ਕਾਰਨ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਅਜਿਹੀ ਮੌਕ ਡਰਿਲ ਕਰਵਾਈ ਜਾਂਦੀ ਹੈ। ਜਿਸ ਰਾਹੀਂ ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਦੀ ਪਰਖ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲੀਸ ਨੇ ਕੁਝ ਦਿਨਾਂ ਵਿੱਚ ਤੀਜੀ ਮੌਕ ਡਰਿਲ ਕੀਤੀ ਹੈ। ਜਿਸ ’ਚ ਸਾਰੇ ਮੁਲਾਜ਼ਮ ਹਾਜ਼ਰ ਰਹੇ। ਇਹ ਮੌਕ ਡਰਿਲ ਭਵਿੱਖ ਵਿੱਚ ਵੀ ਜਾਰੀ ਰਹੇਗੀ।