ਹਰਜੀਤ ਸਿੰਘ
ਜ਼ੀਰਕਪੁਰ, 7 ਅਪਰੈਲ
ਛੱਤਬੀੜ ਚਿੜੀਆਘਰ ਦੇ ਪ੍ਰਬੰਧਕਾਂ ਨੇ ਲੰਘੇ ਸਮੇਂ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸ਼ੇਰ ਦੀ ਵੀਡਿਓ ਨੂੰ ਅਫਵਾਹ ਦੱਸਿਆ ਹੈ। ਸੋਸ਼ਲ ਮੀਡੀਆ ’ਤੇ ਲੰਘੇ ਦਿਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਛੱਤਬੀੜ ਚਿੜੀਆਅਰ ਤੋਂ ਸ਼ੇਰ ਭੱਜ ਗਿਆ ਹੈ ਜੋ ਇਲਾਕੇ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲੰਘੇ ਸਮੇਂ ਦੌਰਾਨ ਇਸ ਵੀਡੀਓ ਨੇ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।
ਇਸ ਸਬੰਧੀ ਛੱਤਬੀੜ ਚਿੜੀਆਘਰ ਦੀ ਫੀਲਡ ਡਾਇਰੈਕਟਰ ਕਲਪਨਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਗ਼ਲਤ ਹਨ। ਛੱਤਬੀੜ ਚਿੜੀਆਘਰ ਤੋਂ ਕੋਈ ਵੀ ਜਾਨਵਰ ਬਾਹਰ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇੱਥੋਂ ਦੇ ਸਾਰੇ ਜਾਨਵਰੀ ਭਾਰੀ ਸੁਰੱਖਿਆ ਹੇਠ ਰੱਖੇ ਜਾਂਦੇ ਹਨ ਜੋ ਕਿਸੇ ਕੀਮਤ ’ਤੇ ਵੀ ਬਾਹਰ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ’ਤੇ ਸਾਹਮਣੇ ਆਇਆ ਕਿ ਇਹ ਸਾਰੇ ਪੁਰਾਣੇ ਹਨ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵੀਡੀਓ ਵਾਇਰਲ ਕਰ ਕੇ ਛੱਤਬੀੜ ਚਿੜੀਆਘਰ ਦੀ ਬਦਨਾਮੀ ਕੀਤੀ ਜਾ ਰਹੀ ਹੈ ਜੋ ਕਾਨੂੰਨੀ ਅਪਰਾਧ ਹੈ।
ਉਨ੍ਹਾਂ ਕਿਹਾ ਕਿ ਛੱਤਬੀੜ ਚਿੜੀਆਘਰ ਦੇ ਸਾਰੇ ਜਾਨਵਰ ਸੁਰੱਖਿਅਤ ਹਨ। ਇੱਥੇ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਜੋ ਪੂਰੀ ਤਰ੍ਹਾਂ ਸੁਰੱਖਿਆ ਨਾਲ ਜਾਨਵਰਾਂ ਦੇਖ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਝੂਠੇ ਵੀਡੀਓ ਵਾਇਰਲ ਕਰ ਕੇ ਦਹਿਸ਼ਤ ਨਾ ਫੈਲਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦਾ ਵੀ ਸ਼ੱਕ ਹੋਣ ’ਤੇ ਹੈਲਪਲਾਈਨ ਨੰਬਰ 62395-26008 ’ਤੇ ਫੋਨ ਕਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।