ਸੰਜੀਵ ਬੱਬੀ
ਚਮਕੌਰ ਸਾਹਿਬ, 22 ਸਤੰਬਰ
ਪੰਜਾਬ ਪੁਲੀਸ ਨੂੰ ਮੰਗਲਵਾਰ ਦੇਰ ਰਾਤ ਉਦੋਂ ਭਾਜੜ ਪੈ ਗਈ ਜਦੋਂ ਉਨ੍ਹਾਂ ਨੂੰ ਚਮਕੌਰ ਸਾਹਿਬ ਵਿਖੇ ਦਰਜਨਾਂ ਅਧਿਆਪਕਾਂ ਤੇ ਨੌਕਰੀ ਦੀ ਮੰਗ ਕਰਦੇ ਹੋਰ ਨੌਜਵਾਨ ਲੜਕੇ ਤੇ ਲੜਕੀਆਂ ਦੇ ਪੁੱਜਣ ਸਮੇਤ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹੇ ਹੋਣ ਦੀ ਗੱਲ ਦਾ ਪਤਾ ਲੱਗਿਆ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੌਰਾਨ ਪਤਾ ਲੱਗਾ ਕਿ ਇਹ ਉਹ 780 ਮੁਲਾਜ਼ਮ ਹਨ, ਜਿਨ੍ਹਾਂ ਨੂੰ ਪੁਲੀਸ ਵਿਭਾਗ ਵਿੱਚ ਸੰਨ 2016 ਵਿੱਚ ਭਰਤੀ ਕੀਤੇ 7,416 ਮੁਲਾਜ਼ਮਾਂ ਵਿੱਚੋਂ ਇੰਤਜ਼ਾਰ ਸੂਚੀ ਵਿੱਚ ਰੱਖਿਆ ਗਿਆ ਸੀ। ਪੰਜਾਬ ਭਰ ਤੋਂ ਇੱਥੇ ਪੁੱਜੇ 50 ਕੁ ਸੰਘਰਸ਼ੀ ਮੁਲਾਜ਼ਮਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ। ਉਨ੍ਹਾਂ ਨੇ ਪੁਲੀਸ ਵਿਭਾਗ ਵੱਲੋਂ ਉਨ੍ਹਾਂ ਜਾਰੀ ਕੀਤੇ ਸ਼ਨਾਖਤੀ ਕਾਰਡ ਵੀ ਦਿਖਾਏ। ਸੁਖਵਿੰਦਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਪੁਲੀਸ ਵਿਭਾਗ ’ਚ ਮੁੜ ਭਰਤੀ 25 ਸਤੰਬਰ ਨੂੰ ਕੀਤੀ ਜਾਣੀ ਹੈ, ਇਸ ਕਰਕੇ ਸਰਕਾਰ ਉਨ੍ਹਾਂ ਦੀ ਰਹਿੰਦੀ ਵੈਰੀਫਿਕੇਸ਼ਨ ਕਰਵਾ ਕੇ ਡਿਊਟੀ ਜੁਆਇਨ ਕਰਵਾਉਣ ਨੂੰ ਤਰਜੀਹ ਦੇਵੇ ਕਿਉਕਿ ਉਨ੍ਹਾਂ ਕੋਲ ਸਿਰਫ 2 ਦਿਨ ਦਾ ਸਮਾਂ ਹੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਲਈ ਹਲਕਾ ਚਮਕੌਰ ਸਾਹਿਬ ’ਚ ਆਏ ਹਨ। ਲੰਘੀ ਰਾਤ 11 ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਠਹਿਰੇ ਇਨ੍ਹਾਂ ਮੁਲਾਜ਼ਮਾਂ ਦਾ ਪਤਾ ਲੱਗਣ ’ਤੇ ਪੁੱਜੇ ਡੀ.ਐੱਸ.ਪੀ ਬਲਦੇਵ ਸਿੰਘ ਅਤੇ ਡੀ.ਐੱਸ.ਪੀ ਵਰਿੰਦਰਜੀਤ ਸਿੰਘ ਉਨ੍ਹਾਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਕੀਤੀ।
ਅੱਜ ਸੰਘਰਸ਼ੀ ਨੌਜਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾ ਕੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨਾਲ ਮੀਟਿੰਗ ਕਰਵਾਈ ਅਤੇ 15 ਦਿਨ ਦਾ ਸਮਾਂ ਦੇ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਪਰ ਇਹ ਨੌਜਵਾਨ ਆਪਣੀ ਉਕਤ ਮੰਗ ’ਤੇ ਅੜੇ ਹੋਏ ਹਨ। ਮੀਟਿੰਗ ਦੌਰਾਨ ਕੋਈ ਹੱਲ ਨਾ ਨਿਕਲਣ ’ਤੇ ਫਿਰ ਚਮਕੌਰ ਸਾਹਿਬ ਪਰਤੇ ਸੰਘਰਸ਼ੀ ਨੌਜਵਾਨਾਂ ਨੇ ਉਹ ਇਥੇ ਹੀ ਸ਼ਹਿਰ ’ਚ ਪ੍ਰਦਰਸ਼ਨ ਕਰਨਗੇ।