ਜਗਮੋਹਨ ਸਿੰਘ
ਰੂਪਨਗਰ, 27 ਫਰਵਰੀ
ਕਿਰਤੀ ਕਿਸਾਨ ਮੋਰਚਾ ਰੂਪਨਗਰ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਵਿਰੁੱਧ ਅਤੇ ਬੀਬੀਐੱਮਬੀ ਭੰਗ ਕਰਕੇ ਭਾਖੜਾ ਡੈਮ ਪੰਜਾਬ ਹਵਾਲੇ ਕਰਨ ਦੀ ਮੰਗ ਕਰਦਿਆਂ 4 ਮਾਰਚ ਨੂੰ ਬੀਬੀਐੱਮਬੀ ਨੰਗਲ ਡੈਮ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅੱਜ ਧਰਨੇ ਦੀਆਂ ਤਿਆਰੀਆਂ ਬਾਰੇ ਜਥੇਬੰਦੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ, ਜਨਰਲ ਸਕੱਤਰ ਜਗਮਨਦੀਪ ਸਿੰਘ ਪੜ੍ਹੀ, ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਕਲਮਾ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਭੱਟੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ(ਸੋਧ) ਰੂਲਜ਼ 2022 ਬਣਾ ਕੇ ਪੰਜਾਬ ਦੀ ਬੀਬੀਐੱਮਬੀ ਵਿੱਚੋਂ ਸ਼ਰਤੀਆ ਨੁਮਾਇੰਦਗੀ ਖਤਮ ਕਰਕੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਭਰਾਤਰੀ ਕਿਸਾਨ ਜਥੇਬੰਦੀਆਂ ਤੇ ਹੋਰ ਹਮਖਿਆਲੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 4 ਮਾਰਚ ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਜਸਪਾਲ ਸਿੰਘ ਜੱਸਾ, ਪ੍ਰਧਾਨ ਕੀਰਤਪੁਰ ਸਾਹਿਬ ਬਲਾਕ, ਦਿਲਜੀਤ ਪਾਬਲਾ, ਮੇਜਰ ਸਿੰਘ ਅਸਮਾਨਪੁਰ, ਦਵਿੰਦਰ ਸਰਥਲੀ, ਹਰਬੰਸ ਬੈਂਸਾਂ, ਕਰਨੈਲ ਫੌਜੀ ਬੜਵਾ, ਮੋਹਣ ਸਿੰਘ ਅਸਮਾਨਪੁਰ, ਅਵਤਾਰ ਸਿੰਘ ਅਸਾਲਤਪੁਰ, ਜਰਨੈਲ ਸਿੰਘ ਮਗਰੋੜ, ਭੁਪਿੰਦਰ ਸਿੰਘ ਕੋਟਲਾ ਤੇ ਮਲਵਿੰਦਰ ਸਿੰਘ ਬੱਬੂ ਹਜ਼ਾਰਾ ਹਾਜ਼ਰ ਸਨ।