ਜਗਮੋਹਨ ਸਿੰਘ
ਰੂਪਨਗਰ/ਘਨੌਲੀ, 12 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਅਤੇ ਥਰਮਲ ਪਲਾਂਟ ਤੇ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਦਬੁਰਜੀ ਵਿਖੇ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਧਰਨਾ 20 ਦਿਨਾਂ ਉਪਰੰਤ ਵੀ ਜਾਰੀ ਹੈ, ਜਦੋਂ ਕਿ ਪਿੰਡ ਮਲਿਕਪੁਰ ਨੇੜੇ ਟਰਾਂਸਪੋਰਟਰਾਂ ਅਤੇ ਠੇਕੇਦਾਰਾਂ ਦਾ ਧਰਨਾ ਪੁਲੀਸ ਨੇ ਚੁਕਵਾ ਦਿੱਤਾ ਸੀ। ਪੁਲੀਸ ਵੱਲੋਂ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਧਰਨੇ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚ ਜ਼ਿਆਦਾਤਰ ਗਿਣਤੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਨੇਤਾਵਾਂ ਦੀ ਹੋਣ ਦੇ ਬਾਵਜੂਦ ਧਰਨਾਕਾਰੀਆਂ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਰੋਹ ਵਿੱਚ ਆਏ ਧਰਨਾਕਾਰੀਆਂ ਨੇ ਦਬੁਰਜੀ ਤੋਂ ਲੈ ਕੇ ਵਾਇਆ ਚੱਕ ਢੇਰਾ, ਮਿਆਣੀ, ਪਤਿਆਲਾਂ, ਬਹਾਦਰਪੁਰ, ਲੌਦੀਮਾਜਰਾ, ਮੱਦੋਮਾਜਰਾ, ਲੋਹਗੜ੍ਹ ਫਿੱਡੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢ ਕੇ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਪੰਮੂ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਲੋਹਗੜ੍ਹ ਫਿੱਡੇ, ਬੌਬੀ ਬਹਾਦਰਪੁਰ, ਮਨਪ੍ਰੀਤ ਸਿੰਘ ਦਬੁਰਜੀ, ‘ਅਮਰਜੀਤ ਸਿੰਘ ਦਬੁਰਜੀ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ ਨੂੰਹੋ, ਗੁਰਨਾਮ ਸਿੰਘ ਤੇ ਸਰਬਜੀਤ ਸਿੰਘ ਨੇ ਦੋਸ਼ ਕਿਹਾ ਕਿ ਇੱਥੇ ਲੱਗੇ ਦੋਵੇਂ ਅਦਾਰਿਆਂ ਦੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਤੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਖੁੱਲ੍ਹੀ ਬਾਡੀ ਵਾਲੇ ਓਵਰਲੋਡ ਟਿੱਪਰਾਂ ਰਾਹੀਂ ਸੁਆਹ ਢੋਈ ਜਾਂਦੀ ਹੈ, ਜਦੋਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਦੇ ਨਿਯਮਾਂ ਅਨੁਸਾਰ ਥਰਮਲ ਪਲਾਂਟ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਸੁਆਹ ਨਹੀਂ ਚੁੱਕੀ ਜਾ ਸਕਦੀ ਤੇ ਇੱਥੇ ਜੰਗਲ ਲਗਾਉਣਾ ਬਣਦਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ 15 ਮਈ ਨੂੰ ਹੋਰ ਵੀ ਵਿਸ਼ਾਲ ਰੈਲੀ ਕੱਢ ਕੇ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਸਬੰਧੀ ਆਰਟੀਏ ਰੂਪਨਗਰ ਸੁਖਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਹੀਨੇ ਦੌਰਾਨ ਇਕੱਲੇ ਰੂਪਨਗਰ ਜ਼ਿਲ੍ਹੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 54 ਵਹੀਕਲਾਂ ਦੇ ਚਾਲਾਨ ਕੀਤੇ ਗਏ ਹਨ ਅਤੇ 56 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ ਤੇ ਉਨ੍ਹਾਂ ਦੇ ਵਿਭਾਗ ਵੱਲੋਂ ਚੈਕਿੰਗ ਲਗਾਤਾਰ ਜਾਰੀ ਹੈ। ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਦੇ ਯੂਨਿਟ ਹੈੱਡ ਸ਼ਸ਼ੀ ਭੂਸ਼ਨ ਮੁਖੀਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ ਵੱਲੋਂ ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਤੇ ਫੈਕਟਰੀ ਵੱਲੋਂ ਢੋ ਢੁਆਈ ਦਾ ਕੰਮ ਸਿੱਧੇ ਤੌਰ ਤੇ ਨਹੀਂ ਕੀਤਾ ਜਾਂਦਾ।