ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਗਸਤ
ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ, ਪ੍ਰਸਿੱਧ ਕਾਰੋਬਾਰੀ ਰਾਜਿੰਦਰ ਕੇ ਸਾਬੂ ਦੀ ਸਵੈ-ਜੀਵਨੀ ‘ਮਾਈ ਲਾਈਫ’ਸ ਜਰਨੀ: ਏ ਪਰਸਨਲ ਮੈਮੁਆਇਰ’ ਅੱਜ ਚੰਡੀਗੜ੍ਹ ਵਿੱਚ ਉਨ੍ਹਾਂ ਦੇ 90ਵੇਂ ਜਨਮ ਦਿਨ ’ਤੇ ਲੋਕ ਅਰਪਣ ਕੀਤੀ ਗਈ ਹੈ। ਰਾਜਿੰਦਰ ਕੇ ਸਾਬੂ ਦੀ ਸਵੈ-ਜੀਵਨੀ ਲੋਕ ਅਰਪਣ ਕਰਨ ਦੀ ਰਸਮ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਜਸਟਿਸ (ਸੇਵਾਮੁਕਤ) ਐੱਸਐੱਸ ਸੋਢੀ ਵੱਲੋਂ ਕੀਤੀ ਗਈ ਹੈ। ਸ੍ਰੀ ਸੋਢੀ ਨੇ ਕਿਹਾ ਕਿ ਸ੍ਰੀ ਰਾਜਿੰਦਰ ਦੀ ਸਵੈ-ਜੀਵਨੀ ’ਤੇ ਆਧਾਰਤ ਕਿਤਾਬ ਉਨ੍ਹਾਂ ਵੱਲੋਂ ਸਮਾਜ ਭਲਾਈ ਲਈ ਕੀਤੇ ਕੰਮਾਂ ਬਾਰੇ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਾਬੂ ਚੰਡੀਗੜ੍ਹ ਦੇ ਸਭ ਤੋਂ ਪੁਰਾਣੇ ਵਾਸੀਆਂ ਵਿੱਚੋਂ ਇਕ ਹਨ, ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ੍ਰੀ ਸਾਬੂ ਨੇ ਉਦਯੋਗਿਕ ਖੇਤਰ ਵਿੱਚ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਸਾਬੂ ਸਾਲ 1946 ਵਿੱਚ ਦੋ ਵਾਰ ਮਹਾਤਮਾ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ਬਾਰੇ ਕਈ ਆਰਟੀਕਲ ਲਿਖੇ ਸਨ।
ਜ਼ਿਕਰਯੋਗ ਹੈ ਕਿ ਰਾਜਿੰਦਰ ਕੇ ਸਾਬੂ ਨੂੰ ਸਾਲ 2006 ਵਿੱਚ ਸਾਬਕਾ ਰਾਸ਼ਟਰਪਤੀ ਮਰਹੂਮ ਡਾ. ਅਬਦੁਲ ਕਲਾਮ ਵੱਲੋਂ ਪਦਮ ਸ੍ਰੀ ਨਾਲ ਸਨਮਾਨਿਆ ਗਿਆ ਸੀ, ਜਦੋਂਕਿ ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਤੇ ਸੰਸਥਾਵਾਂ ਵੱਲੋਂ ਵੀ ਸਨਮਾਨਿਆ ਜਾ ਚੁੱਕਿਆ ਹੈ। ਰਾਜਿੰਦਰ ਕੇ ਸਾਬੂ ਨੇ ਸਾਲ 1960 ਵਿੱਚ ਚੰਡੀਗੜ੍ਹ ਵਿੱਚ ਜਰਮਨ ਸਹਿਯੋਗੀਆਂ ਦੇ ਸਹਿਯੋਗ ਨਾਲ ਹੌਜ਼ਰੀ ਦੀਆਂ ਸੂਈਆਂ ਬਣਾਉਣ ਦੀ ਫੈਕਟਰੀ ਸਥਾਪਤ ਕੀਤੀ। ਸ੍ਰੀ ਸਾਬੂ ਨੇ ਚੰਡੀਗੜ੍ਹ ਦੀ ਸਥਾਪਨਾ ਦੌਰਾਨ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ।