ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 9 ਜੁਲਾਈ
ਜ਼ਿਲ੍ਹਾ ਪੁਲੀਸ ਵੱਲੋਂ 15 ਰੋਜ਼ਾ, ਸਾਹਿਬਜ਼ਾਦਾ ਅਜੀਤ ਸਿੰਘ ਫੁਟਬਾਲ ਟੂਰਨਾਮੈਂਟ ਆਰੰਭ ਹੋ ਗਿਆ ਹੈ। ਇਸ ਦੀ ਸ਼ੁਰੂਆਤ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਮੁਹਾਲੀ ਵਿੱਚ ਕਰਵਾਈ ਗਈ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਤਹਿਤ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਨਸ਼ਿਆਂ ਦੇ ਖ਼ਾਤਮੇ ਦਾ ਸੁਨੇਹਾ ਦਿੱਤਾ।
ਰੂਪਨਗਰ ਰੇਂਜ ਦੀ ਡੀਆਈਜੀ ਨੀਲਾਂਬਰੀ ਜਗਦਲੇ ਨੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਨਸ਼ਿਆਂ ਦੇ ਖ਼ਾਤਮੇ ਲਈ ਕੰਮ ਕਰ ਰਹੀ ਹੈ। ਨਸ਼ਿਆਂ ਦੇ ਖਾਤਮੇ ਵਿੱਚ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਪੰਜਾਬ ਪੁਲੀਸ ਵੱਲੋਂ ਚਲਾਈ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਹਿਤ ਇਹ ਫੁਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਕਰੀਬ 100 ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਕਿਹਾ ਕਿ ਜੇਤੂਆਂ ਨੂੰ ਇਨਾਮੀ ਰਕਮ ਨਾਲ ਨਿਵਾਜਿਆ ਜਾਵੇਗਾ। ਜੇਤੂ ਖਿਡਾਰੀਆਂ ਦਾ ਖੇਡ ਵਿਭਾਗ ਨਾਲ ਰਾਬਤਾ ਕਰਵਾ ਕੇ ਉਨ੍ਹਾਂ ਨੂੰ ਪੇਸ਼ੇਵਰ ਖਿਡਾਰੀ ਬਣਾਉਣ ਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਐਸਪੀ ਤੁਸ਼ਾਰ ਗੁਪਤਾ, ਐੱਸਪੀ ਹਰਵੀਰ ਸਿੰਘ ਅਟਵਾਲ ਤੇ ਡੀਐੱਸਪੀ ਸਿਟੀ ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ। ਗਾਇਕ ਗੁਰਕਿਰਪਾਲ ਸੂਰਾਪੁਰੀ ਸਣੇ ਹੋਰ ਕਲਾਕਾਰਾਂ ਨੇ ਗੀਤਾਂ ਨਾਲ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਦਿੱਤਾ। ਪਹਿਲਾ ਮੈਚ ਮੁਹਾਲੀ ਤੇ ਕੁਰਾਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਤੇ ਦੂਜਾ ਦੋਸਤਾਨਾ ਮੁਕਾਬਲਾ ਮੁਹਾਲੀ ਪੁਲੀਸ ਤੇ ਮੀਡੀਆ ਕਰਮੀਆਂ ਦੀ ਟੀਮ ਵਿਚਕਾਰ ਖੇਡਿਆ ਗਿਆ।