ਪੱਤਰ ਪ੍ਰੇਰਕ
ਚੰਡੀਗੜ੍ਹ, 15 ਨਵੰਬਰ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵੱਲੋਂ 12 ਤੋਂ 15 ਨਵੰਬਰ ਤੱਕ ਕਰਵਾਇਆ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਵਰਗਾਂ ਦੀਆਂ ਟੀਮਾਂ ਨੇ ਵਿੱਚ ਭਾਗ ਲਿਆ। ਟੂਰਨਾਮੈਂਟ ਦੇ ਅੰਡਰ-14 ਉਮਰ ਵਰਗ ਵਿੱਚ ਭੈਣੀ ਬਾਘਾ ਅਤੇ ਟੇਸਾ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਜੇਤੂ ਰਹੇ। ਅੰਮ੍ਰਿਤਸਰ ਹੂਪਸਟਰਜ਼ ਅਤੇ ਹਾਰਟੀਅਨਜ਼ ਰਨਰਅੱਪ ਰਹੇ। ਵਨਫੁੱਟ ਗੌਡ (ਲੜਕੇ) ਅਤੇ ਜੀ.ਐਨ.ਪੀ.ਐਸ. (ਲੜਕੀਆਂ) ਅੰਡਰ-17 ਵਰਗ ਵਿੱਚ ਜੇਤੂ ਰਹੇ, ਅਤੇ ਐਨ.ਬੀ.ਏ. ਐਲੀਟਸ (ਲੜਕੇ) ਅਤੇ ਟੀ.ਈ.ਐਸ.ਏ. ਲੜਕੀਆਂ ਉਪ ਜੇਤੂ ਰਹੀਆਂ। ਇਸੇ ਤਰ੍ਹਾਂ ਐਸ.ਜੀ.ਜੀ.ਐਸ. ਕਾਲਜ (ਲੜਕੇ), ਜੀ.ਜੀ.ਐਸ.ਸੀ.ਡਬਲਯੂ. (ਲੜਕੀਆਂ), ਸਪੋਰਟਸ ਕੰਪਲੈਕਸ ਸੈਕਟਰ-7 (ਲੜਕੇ) ਅਤੇ ਖਾਲਸਾ ਗਰਲਜ਼ ਅੰਡਰ-19 ਚੈਂਪੀਅਨ ਸਨ। ਸੀਨੀਅਰ ਵਰਗ ਵਿੱਚ ਨੈੱਟ ਰਿਪਰਜ਼ (ਪੁਰਸ਼) ਅਤੇ ਜੀ.ਐਨ.ਪੀ.ਐਸ. (ਲੜਕੀਆਂ) ਜੇਤੂ ਰਹੇ ਅਤੇ ਸਪੋਰਟਸ ਕੰਪਲੈਕਸ ਸੈਕਟਰ-7 (ਲੜਕੇ) ਅਤੇ ਜੀ.ਜੀ.ਐਸ.ਸੀ. ਡਬਲਿਊ. (ਲੜਕੀਆਂ) ਰਨਰਅੱਪ ਰਹੀਆਂ। ਜੇਤੂ ਟੀਮਾਂ ਨੂੰ 5100 ਅਤੇ ਉਪ ਜੇਤੂ ਟੀਮਾਂ ਨੂੰ 3100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਓਲੰਪਿਕ ਪੁਰਸ਼ ਹਾਕੀ ਦੇ ਕਾਂਸੀ ਤਗਮਾ ਜੇਤੂ ਅਤੇ ਐਸ.ਜੀ.ਜੀ.ਐਸ. ਕਾਲਜ ਦੇ ਸਾਬਕਾ ਵਿਦਿਆਰਥੀ ਰੁਪਿੰਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿੰਡ ਜਾਸਤਨਾ ਖੁਰਦ ਵਿੱਚ ਕਬੱਡੀ ਟੂਰਨਾਮੈਂਟ
ਲਾਲੜੂ (ਪੱਤਰ ਪ੍ਰੇਰਕ): ਪਿੰਡ ਜਾਸਤਨਾ ਖੁਰਦ ਵਿੱਚ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਦੂਜਾ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੌਰਾਨ 49 ਕਿਲੋ ਵਰਗ ਵਿੱਚ ਕੁਰੂਕਸ਼ੇਤਰ ਦੀ ਟੀਮ ਨੇ ਪਹਿਲਾ ਤੇ ਜਾਸਤਨਾ ਖੁਰਦ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 42 ਕਿਲੋ ਵਰਗ ਵਿੱਚ ਜਾਸਤਨਾ ਖੁਰਦ (ਏ) ਦੀ ਟੀਮ ਨੇ ਪਹਿਲਾ ਤੇ ਜਾਸਤਨਾ ਖੁਰਦ (ਬੀ) ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਐਡਵੋਕੇਟ ਸੰਜੀਵ ਸਿੰਘ, ਗੁਰਮੁੱਖ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਜੁਲਫਾਨ ਖਾਨ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਕੁੱਲ 18 ਟੀਮਾ ਨੇ ਭਾਗ ਲਿਆ। ਇਸ ਮੌਕੇ ਜੇਤੂ ਟੀਮਾਂ ਨੂੰ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।