ਹਰਦੇਵ ਚੌਹਾਨ
ਚੰਡੀਗੜ੍ਹ, 12 ਅਕਤੂਬਰ
‘ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਪੰਜਾਬੀ ਅਧਿਅਨ ਸਕੂਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਡਾ. ਦੇਵਿੰਦਰ ਸੈਫ਼ੀ ਦੀ ਕਾਵਿ ਪੁਸਤਕ ‘ਮੁਹੱਬਤ ਨੇ ਕਿਹਾ’ ਲੋਕ ਅਰਪਣ ਕਰਨ ਉਪਰੰਤ ਉੱਘੇ ਵਿਦਵਾਨਾਂ ਵੱਲੋਂ ਸੰਵਾਦ ਰਚਾਇਆ ਗਿਆ। ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ ਅਤੇ ਸਿੱਖਿਆ ਸ਼ਾਸਤਰੀ ਡਾ. ਸੁਖਚੈਨ ਸਿੰਘ ਬਰਾੜ ਨੇ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਯੋਗਰਾਜ ਤੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਦੌਰਾਨ ਆਲੋਚਕ, ਕਵੀ, ਨਾਵਲਕਾਰ ਤੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਸੈਫ਼ੀ ਨੇ ਇਸ ਪੁਸਤਕ ਰਾਹੀਂ ਮੁਹੱਬਤ ਦਾ ਨਵਾਂ ਰਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਬਿਰਹਾ ਦਾ ਕਵੀ ਹੈ ਅਤੇ ਸੈਫ਼ੀ ਮੁਹੱਬਤ ਦਾ ਕਵੀ ਹੈ। ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਕਵਿਤਾ, ਮੁਹੱਬਤ ਦੇ ਤਜਰਬੇ, ਕਿਰਿਆ , ਭਵਿੱਖੀ ਚੇਤਨਾ ਅਤੇ ਮਾਨਵੀ ਫ਼ਲਸਫੇ਼ ਦੀ ਗੱਲ ਕਰਦੀ ਹੈ। ਸ਼ਾਇਰ ਡਾ. ਦੇਵਿੰਦਰ ਸੈਫ਼ੀ ਨੇ ਆਪਣੀ ਕਵਿਤਾ ਦਾ ਪਾਠ ਕਰ ਕੇ ਸਰੋਤਿਆਂ ਤੇ ਦਰਸ਼ਕਾਂ ਤੋਂ ਦਾਦ ਲਈ। ਅਖ਼ੀਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘‘ਬਾਣੀ, ਗਿਆਨ ਤੇ ਚੰਗੀ ਕਵਿਤਾ ਮੇਰੀ ਰੂਹ ਦੀ ਖ਼ੁਰਾਕ ਹੈ। ਇੱਥੇ ਆ ਕੇ ਸੈਫ਼ੀ ਦੀ ਕਵਿਤਾ ਦੇ ਰੰਗ ਮਾਣ ਕੇ ਅਤੇ ਵਿਦਵਾਨਾਂ ਦੀਆਂ ਡੂੰਘੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ। ਮਨਿੰਦਰ ਸਿੰਘ (ਓਐੱਸਡੀ) ਨੇ ਮੁਹੱਬਤ ਦੇ ਜਜ਼ਬੇ ਅਤੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।