ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਜਨਵਰੀ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਕੰਟਰੈਕਟ ਆਧਾਰਿਤ ਕੰਪਿਊਟਰ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਤਨਖਾਹ ਜਾਰੀ ਨਾ ਹੋਣ ਦਾ ਕਾਰਨ ਆਊਟਸੋਰਸ ਕੰਪਨੀ ਦੇ ਠੇਕੇਦਾਰ ਵਲੋਂ ਕਮਿਸ਼ਨ ਮੰਗਣਾ ਹੈ। ਇਹ ਮਾਮਲਾ ਹਰ ਚਾਰ ਮਹੀਨੇ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਚੁੱਕਿਆ ਜਾਂਦਾ ਹੈ ਤੇ ਇਸ ਸਬੰਧੀ ਪ੍ਰਸ਼ਾਸਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਮਾਮਲਾ ਹਾਲੇ ਤਕ ਹੱਲ ਨਹੀਂ ਹੋਇਆ। ਇਸ ਤੋਂ ਪਹਿਲਾਂ ਸਾਲ 2020 ਵਿਚ ਤਿੰਨ ਮਹੀਨੇ ਤੇ ਸਾਲ 2021 ਵਿਚ ਛੇ ਮਹੀਨੇ ਦੀ ਰੋਕੀ ਤਨਖਾਹ ਦੇਰੀ ਨਾਲ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿਚ 154 ਅਧਿਆਪਕ ਠੇਕੇ ’ਤੇ ਪੜ੍ਹਾ ਰਹੇ ਹਨ ਜਿਨ੍ਹਾਂ ਨੂੰ 30000 ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 350 ਦੇ ਕਰੀਬ ਤੀਜਾ ਤੇ ਚੌਥਾ ਦਰਜਾ ਮੁਲਾਜ਼ਮ ਕੰਮ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਯੂਟੀ ਦੇ ਸਰਕਾਰੀ ਵਿਭਾਗ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈ ਟੀ ਇਨ ਚੰਡੀਗੜ੍ਹ ਸਪਿੱਕ ਨੇ ਠੇਕੇ ’ਤੇ ਸਾਲ 2008 ਵਿਚ ਰੱਖਿਆ ਸੀ ਤੇ ਉਦੋਂ ਤੋਂ ਇਹ ਸਕੂਲਾਂ ਵਿਚ ਪੜ੍ਹਾ ਰਹੇ ਹਨ। ਇਸ ਤੋਂ ਬਾਅਦ ਵਿਭਾਗ ਨੇ ਜੈਮ ਪੋਰਟਲ ਰਾਹੀਂ ਅਧਿਆਪਕ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਸ ਕੰਪਨੀ ਦੀ ਕਮਿਸ਼ਨ ਦੇ ਰੌਲੇ ਕਾਰਨ ਤਨਖਾਹਾਂ ਜਾਰੀ ਨਹੀਂ ਹੋ ਰਹੀਆਂ। ਇਕ ਅਧਿਆਪਕ ਨੇ ਦੱਸਿਆ ਕਿ ਤਾਲਾਬੰਦੀ ਤੋਂ ਬਾਅਦ ਉਸ ਦੇ ਪਤੀ ਦੀ ਪੱਕੀ ਨੌਕਰੀ ਚਲੀ ਗਈ ਹੈ ਤੇ ਹੁਣ ਵਿਭਾਗ ਵਲੋਂ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਤੇ ਨਾ ਹੀ ਜਨਵਰੀ ਮਹੀਨੇ ਦੀ ਤਨਖਾਹ ਮਿਲਣ ਦੇ ਆਸਾਰ ਹਨ। ਇਕ ਹੋਰ ਅਧਿਆਪਕ ਨੇ ਕਿਹਾ ਕਿ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ਪਰ ਇਸ ਔਖੀ ਘੜੀ ਵਿਚ ਵਿਭਾਗ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ। ਇਨ੍ਹਾਂ ਅਧਿਆਪਕਾਂ ਨੇ ਅੱਜ ਸਕੱਤਰੇਤ ਵਿਚ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ ਹੈ।
ਨਿਯਮਾਂ ਅਨੁਸਾਰ ਠੇਕਾ ਰੱਦ ਨਹੀਂ ਹੋ ਰਿਹਾ
ਯੂਟੀ ਵਿਚ ਕੰਟਰੈਕਟ ਕਰਮੀਆਂ ਨੂੰ ਜੈਮ ਪੋਰਟਲ ਰਾਹੀਂ ਰੱਖਿਆ ਜਾਂਦਾ ਹੈ ਤੇ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੀ ਤਨਖਾਹ ਦਾ 0.01 ਫੀਸਦੀ ਠੇਕੇਦਾਰ ਨੂੰ ਵਿਭਾਗ ਵਲੋਂ ਅਦਾ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇ ਠੇਕੇਦਾਰ ਮੁਲਾਜ਼ਮਾਂ ਤੋਂ ਪੈਸੇ ਮੰਗਦਾ ਹੈ ਤਾਂ ਇਹ ਠੇਕਾ ਰੱਦ ਕਰਨ ਦਾ ਨਿਯਮ ਹੈ ਪਰ ਵਿਭਾਗ ਨਾ ਹੀ ਠੇਕਾ ਰੱਦ ਕਰਵਾ ਰਿਹਾ ਹੈ ਤੇ ਨਾ ਹੀ ਮੁਲਾਜ਼ਮਾਂ ਨੂੰ ਤਨਖਾਹ ਜਾਰੀ ਹੋ ਰਹੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਅਧਿਆਪਕਾਂ ਨੂੰ ਤਨਖਾਹ ਮਿਲਣ ਦੀ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ। ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ।
ਪੰਜਾਬ ਦੇ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਵੀ ਲਟਕੀ ਤਲਵਾਰ
ਚਮਕੌਰ ਸਾਹਿਬ (ਸੰਜੀਵ ਬੱਬੀ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਜਨਵਰੀ ਮਹੀਨੇ ਦੀ ਤਨਖਾਹ ਅਤੇ ਹੋਰ ਬਕਾਏ ਦੇ ਭੁਗਤਾਨ ਲਈ ਸਕੂਲਾਂ ਨੂੰ ਤੁਰੰਤ ਬਜਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂ ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਸਿੰਘ ਹੀਰਾ, ਧਰਮਿੰਦਰ ਸਿੰਘ ਭੰਗੂ, ਕੁਲਵੀਰ ਸਿੰਘ ਕੰਧੋਲਾ ਅਤੇ ਰਾਜਵੀਰ ਸਿੰਘ ਚੌਂਤਾ ਨੇ ਕਿਹਾ ਕਿ ਬਜਟ ਦੀ ਅਣਹੋਂਦ ਕਾਰਨ ਜਨਵਰੀ ਮਹੀਨੇ ਦੀ ਤਨਖਾਹ ਦੇਰੀ ਨਾਲ ਮਿਲਣ ਦੀ ਸਭਾਵਨਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਅਨੇਕਾਂ ਮੰਗਾਂ ਲਮਕਾਈ ਬੈਠੀ ਹੈ ਅਤੇ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਹੁਣ ਤੱਕ ਅਗਲੀ ਤਿਮਾਹੀ (ਜਨਵਰੀ, ਫਰਵਰੀ, ਮਾਰਚ) ਦੀਆਂ ਤਨਖਾਹਾਂ ਦਾ ਭੁਗਤਾਨ ਨਾ ਕਰਨਾ ਦਰਸਾ ਰਿਹਾ ਹੈ ਕਿ ਇਹ ਸਰਕਾਰ ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲ ਪੂਰੀ ਤਰ੍ਹਾਂ ਪਿੱਠ ਕਰ ਚੁੱਕੀ ਹੈ। ਅਧਿਆਪਕ ਆਗੂਆਂ ਨੇ ਚੋਣ ਕਮਿਸ਼ਨ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਅਧਿਆਪਕ ਅਤੇ ਮੁਲਾਜ਼ਮ ਵਰਗ ਨੂੰ ਜਨਵਰੀ ਮਹੀਨੇ ਦੀ ਤਨਖਾਹ ਸਮੇਂ ਨਾਲ ਮਿਲ ਸਕੇ।