ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਅਕਤੂਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਠੇਕੇਦਾਰ ਅਧੀਨ ਕੰਮ ਕਰ ਰਹੇ ਗਰੁੱਪ ਡੀ ਮੁਲਾਜ਼ਮਾਂ ਦੀ ਤਨਖਾਹ ਰੁਕ ਗਈ ਹੈ। ਇਨ੍ਹਾਂ ਮੁਲਾਜ਼ਮਾਂ ਨੇ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਤਨਖਾਹ ਨਾ ਮਿਲਣ ’ਤੇ ਰੋਸ ਪ੍ਰਗਟਾਇਆ ਹੈ। ਦੂਜੇ ਪਾਸੇ ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਮੁਲਾਜ਼ਮ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ ਹੈ।
ਸ੍ਰੀ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂਂ ਮਿਲੀ ਜਿਸ ਕਾਰਨ ਇਨ੍ਹਾਂ ਦੇ ਤਿਉਹਾਰ ਫਿੱਕੇ ਰਹਿ ਗਏ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਸਾਰੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਐਡਵਾਂਸ ਤਨਖਾਹ ਜਾਰੀ ਕੀਤੀ ਜਾਵੇ ਪਰ ਪ੍ਰਸ਼ਾਸਨ ਨੇ ਇਸ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਚੰਡੀਗੜ੍ਹ ਦੇ ਵਿਦਿਆਰਥੀ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ ਖੱਜਲ ਹੋ ਰਹੇ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਦਾਖਲਾ ਦਿੱਤਾ ਜਾਵੇ ਤੇ ਸਰਕਾਰੀ ਸਕੂਲਾਂ ਵਿਚ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਕੋਟਾ 85 ਫੀਸਦੀ ਰੱਖਿਆ ਜਾਵੇ। ਉਨ੍ਹਾਂ ਅਧਿਆਪਕਾਂ ਦੀਆਂ ਤਰੱਕੀਆਂ ਵੀ ਪਹਿਲ ਦੇ ਆਧਾਰ ’ਤੇ ਕਰਨ ਦੀ ਮੰਗ ਕੀਤੀ।
158 ਜੇਬੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ
ਯੂਟੀ ਦੇ ਸਿੱਖਿਆ ਵਿਭਾਗ ਨੇ 158 ਜੇਬੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲਈ ਲਿਖਤੀ ਪ੍ਰੀਖਿਆ 10 ਦਸੰਬਰ ਨੂੰ ਸਵੇਰੇ ਸਾਢੇ ਦਸ ਵਜੇ ਲਈ ਜਾਵੇਗੀ। ਪ੍ਰੀਖਿਆ ਦੇਣ ਵਾਲੇ ਐਡਮਿਟ ਕਾਰਡ 6 ਦਸੰਬਰ ਨੂੰ ਅਪਲੋਡ ਕਰ ਸਕਣਗੇ। 12 ਦਸੰਬਰ ਨੂੰ ਆਂਸਰ ਕੀਅ ਅਪਲੋਡ ਕੀਤੀ ਜਾਵੇਗੀ ਤੇ 14 ਦਸੰਬਰ ਤਕ ਇਤਰਾਜ਼ ਦਾਖਲ ਕੀਤੇ ਜਾ ਸਕਣਗੇ।