ਬਹਾਦਰਜੀਤ ਸਿੰਘ
ਰੂਪਨਗਰ, 14 ਜਨਵਰੀ
ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਚ ਮਾਘੀ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਗੁਰੂਜਸ ਸੁਣਿਆ। ਇਸ ਮੌਕੇ ਗੁਰਦੁਆਰਾ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ ਨੇ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਚ ਮੁਗਲਾਂ ਨਾਲ ਹੋਈ ਜੰਗ ਤੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਭਾਈ ਮਹਾਂ ਸਿੰਘ ਸਮੇਤ 40 ਹੋਰ ਸਿੰਘਾਂ ਦਾ ਬੇਦਾਵਾ ਪਾੜ ਕੇ ਮੁਕਤ ਕਰਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਖਿਦਰਾਣੇ ਦੀ ਢਾਬ ’ਚ ਹੋਈ ਜੰਗ ’ਚ ਮਾਈ ਭਾਗੋ ਨੇ ਅਹਿਮ ਭੂਮਿਕਾ ਨਿਭਾਈ ਤੇ 40 ਸਿੰਘਾਂ ਨੂੰ ਗੁਰੂ ਜੀ ਦੇ ਲੜ ਲਾਇਆ ਸੀ। ਖਿਦਰਾਣੇ ਦੀ ਢਾਬ ’ਤੇ ਜੰਗ ਦੌਰਾਨ ਗੁਰੂ ਗੋਬਿੰਦ ਸਿੰਘ ਨੇ ਚਾਲੀ ਮੁਕਤਿਆਂ ਕੀਤਾ, ਜਿਥੋਂ ਇਸ ਸਥਾਨ ਦਾ ਨਾਮ ਟੁੱਟੀ ਗੰਢ (ਸ੍ਰੀ ਮੁਕਤਸਰ ਸਾਹਿਬ) ਪਿਆ ਸੀ। ਧਾਰਮਿਕ ਦੀਵਾਨ ਵਿਚ ਢਾਡੀ ਜਥਾ ਗਿਆਨੀ ਲਖਵਿੰਦਰ ਸਿੰਘ, ਗਿਆਨੀ ਗੁਰਨਾਮ ਸਿੰਘ ਹੀਰਾ ਨੇ ਸਿੱਖ ਇਤਿਹਾਸ ਸੁਣਾਇਆ। ਇਸ ਮੌਕੇ ਪਿੰਡ ਕਟਲੀ ਦੀ ਪੰਚਾਇਤ ਅਤੇ ਯੂਥ ਸੇਵਾਵਾਂ ਕਲੱਬ ਵੱਲੋਂ ਜ਼ਿਲ੍ਹਾ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਸੇ ਦੌਰਾਨ ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਚ ਮਾਘੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਡਤ ਕੇਸ਼ਵਾਨੰਦ ਰੂਪਨਗਰ ਵਾਲਿਆਂ ਦੀ ਅਗਵਾਈ ਹੇਠ ਪੂਜਾ ਤੇ ਹਵਨ ਯੱਗ ਕੀਤਾ ਗਿਆ। ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਐੱਨਐੱਸ ਰਿਆਤ ਨੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਦੇ ਹੋਏ ਵਿਸ਼ੇਸ਼ ਪੂਜਾ ਵਿਚ ਹਿੱਸਾ ਲਿਆ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮਕਰ ਸਕ੍ਰਾਂਤੀ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਸਿੰਘ ਕੌੜਾ ਨੇ ਵੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮਕਰ ਸਕ੍ਰਾਂਤੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਦੇ ਡਾਇਰੈਕਟਰ ਡਾ ਐੱਨਐੱਸ ਗਿੱਲ ਨੇ ਵਿਦਿਆਰਥੀਆਂ ਨੂੰ ਮਕਰ ਸਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਰਿਆਂ ਦੀ ਸਫ਼ਲਤਾ, ਸੁੱਖ ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ ਅਤੇ ਮਕਰ ਸਕ੍ਰਾਂਤੀ ਮਨਾਏ ਜਾਣ ਦੇ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ ।
ਖਮਾਣੋਂ (ਜਗਜੀਤ ਕੁਮਾਰ): ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਚ ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਤਹਿਤ 46ਵੇਂ ਪਾਠ ਦਾ ਭੋਗ ਪਾਉਣ ਮਗਰੋਂ ਭਾਈ ਪਰਮਜੀਤ ਸਿੰਘ ਖੜਕ ਉਟਲਾ ਵਾਲਿਆਂ ਨੇ ਮਾਘੀ ਦੇ ਦਿਹਾੜੇ ਦੀ ਮਹੱਤਤਾ ਦੱਸਦਿਆਂ ਕੀਰਤਨ ਕੀਤਾ। ਕਮੇਟੀ ਦੇ ਜਨਰਲ ਸਕੱਤਰ ਇੰਜਨੀਅਰ ਦਿਲਪ੍ਰੀਤ ਸਿੰਘ ਲੋਹਟ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ 15 ਤੋਂ 19 ਜਨਵਰੀ ਤੱਕ ਸਜਾਈਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਮੇਟੀ ਵੱਲੋਂ ਰਿਟਾਇਰਡ ਡਿਪਟੀ ਡਾਇਰੈਕਟਰ ਦਿਲਬਾਰਾ ਸਿੰਘ, ਬੀਬੀ ਬਲਜੀਤ ਕੌਰ ਸਾਬਕਾ ਕੌਂਸਲਰ ਅਤੇ ਕੀਰਤਨੀ ਜਥੇ ਦਾ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ। ਗਿਆਨੀ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਗਰਸ਼ ਵਿੱਚ ਕਿਸਾਨਾਂ ਦੀ ਫਤਹਿ ਦੀ ਅਰਦਾਸ ਕੀਤੀ।
ਖਰੜ (ਸ਼ਸ਼ੀਪਾਲ ਜੈਨ): ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਛੱਜੂ ਮਾਜਰਾ ਚੌਕ ਵਿਚ ਮਾਘੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅਲਾਹੀ ਬਾਣੀ ਦੇ ਪਾਠਾਂ ਦੇ ਭੋਗ ਪੈਣ ਮਗਰੋਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮੌਕੇ ਕਥਾਵਾਚਕਾਂ ਨੇ ਚਾਲੀ ਮੁਕਤਿਆਂ ਦੀ ਸ਼ਹਾਦਤਾਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਪਿੰਡ ਛੱਜੂਮਾਜਰਾ ਵਾਸੀਆਂ ਹੋਰ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਸਮੂੰਹ ਸੰਗਤ ਵੱਲੋਂ ਅਰਦਾਸ ਕੀਤੀ ਗਈ। ਭੋਗ ਪੈਣ ਮਗਰੋਂ ਚਾਹ ਤੇ ਬਰੈੱਡ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਤਿਹਾਸਕ ਪਿੰਡ ਦਾਊਂ ’ਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ
ਐਸਏਐਸ ਨਗਰ (ਪੱਤਰ ਪ੍ਰੇਰਕ): ਇਤਿਹਾਸਕ ਪਿੰਡ ਦਾਊਂ ਸਥਿਤ ਡੇਰਾ ਬਾਬਾ ਖੜਕ ਸਿੰਘ ਵਿਚ ਵੀਰਵਾਰ ਨੂੰ ਮਾਘੀ ਸੰਗਰਾਂਦ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਅੱਜ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਸਮੇਤ ਹੋਰਨਾਂ ਰਾਜਾਂ ਅਤੇ ਦੇਸ਼-ਵਿਦੇਸ਼ ’ਚੋਂ ਸੰਗਤ ਨੇ ਸ਼ਿਰਕਤ ਕਰ ਕੇ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਗੁਰੂ ਅਮਰਦਾਸ ਵੱਲੋਂ ਸਥਾਪਤ ਕੀਤੀਆਂ 22 ਮੰਜੀਆਂ ’ਚੋਂ ਇੱਕ ਗੁਰਦੁਆਰਾ ਬਾਬਾ ਖੜਕ ਸਿੰਘ ਦਾਊਂ ਹੈ। ਸਵੇਰ ਵੇਲੇ ਘੰਟੀਆਂ ਤੇ ਨਗਾਰੇ ਵਜਾ ਕੇ ਧੂਪ ਅਤੇ ਆਰਤੀ ਕੀਤੀ ਗਈ। ਹਰ ਸਾਲ ਮਾਘੀ ਵਾਲੇ ਦਿਨ ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ।
ਅਮਲੋਹ ਵਿੱਚ ਕੜੀ-ਚੌਲਾਂ ਦਾ ਲੰਗਰ ਲਾਇਆ
ਅਮਲੋਹ (ਡਾ. ਹਿਮਾਂਸ਼ੂ ਜੈਨ): ਮਾਘੀ ਦੀ ਸੰਗਰਾਂਦ ਨੂੰ ਮੁੱਖ ਰੱਖ ਕੇ ਅੱਜ ਇੱਥੇ ਸ਼ੀਤਲਾ ਮਾਤਾ ਮੰਦਿਰ ਅਮਲੋਹ ਵਿਚ ਸੂਦ ਪਰਿਵਾਰ ਵੱਲੋਂ ਕੜੀ-ਚੌਲਾਂ ਦਾ ਲੰਗਰ ਲਗਾਇਆ ਗਿਆ। ਇਸ ਤੋਂ ਪਹਿਲਾਂ ਹਵਨ ਕਰਵਾ ਕੇ ਪੂਜਾ ਦੀ ਰਸਮ ਕੀਤੀ ਗਈ। ਇਸ ਮੌਕੇ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਸਮਾਜ ਸੇਵਕ ਅਤੇ ਦੰਦਾਂ ਦੇ ਮਾਹਿਰ ਡਾ. ਹਿਮਾਂਸ਼ੂ ਸੂਦ ਐਮ.ਡੀ.ਐਸ, ਡਾ. ਰੂਪਲ ਸੂਦ ਗੋਲਡ ਮੈਡਲਿਸਟ, ਸੀ.ਡੀ.ਪੀ.ਓ ਅਮਲੋਹ ਮੰਜੂ ਸੂਦ ਹਾਜ਼ਰ ਸਨ।
ਸੈਕਟਰ-42 ਦੀ ਮਾਰਕੀਟ ਵਿੱਚ ਲੰਗਰ ਲਾਇਆ
ਚੰਡੀਗੜ੍ਹ (ਕੁਲਦੀਪ ਸਿੰਘ): ਮਾਘੀ ਮੌਕੇ ਅੱਜ ਸ਼ਹਿਰ ਵਿੱਚ ਸੈਕਟਰ-42 ਦੀ ਮਾਰਕੀਟ ਵੱਲੋਂ ਕੜ੍ਹੀ-ਚੌਲ ਤੇ ਕੜ੍ਹਾਹ ਦਾ ਲੰਗਰ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਵੀ ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਸ੍ਰੀ ਬੁਟੇਰਲਾ ਨੇ ਸਿੱਖ ਧਰਮ ਵਿੱਚ ਮਾਘੀ ਦੇ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ੍ਰੀ ਮੁਕਤਸਰ ਵਿਚ ਮਾਘੀ ਦਾ ਮੇਲਾ ਲਾਇਆ ਜਾਂਦਾ ਹੈ।