ਮੁਕੇਸ਼ ਕੁਮਾਰ
ਚੰਡੀਗੜ੍ਹ, 2 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ 20 ਮਈ ਤੋਂ 19 ਜੂਨ ਤੱਕ ਚਲਾਈ ਗਈ ਸਫ਼ਾਈ ਮੁਹਿੰਮ ਦੇ ਬਾਵਜੂਦ ਸ਼ਹਿਰ ਵਿੱਚ ਥਾਂ ਥਾਂ ’ਤੇ ਕੂੜੇ ਅਤੇ ਮਲਬੇ ਦੇ ਢੇਰ ਦੇਖੇ ਜਾ ਸਕਦੇ ਹਨ। ਇਥੋਂ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਚੰਡੀਗੜ੍ਹ ਦੇ ਵਾਰਡਾਂ ਵਿੱਚ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਸੀ ਪਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਕੇਵਲ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਰਹੀ ਹੈ। ਸ਼ਹਿਰ ਦੇ ਦੱਖਣੀ ਇਲਾਕਿਆਂ ਦਾ ਸਫ਼ਾਈ ਦੀ ਮਾਮਲੇ ਵਿੱਚ ਮੰਦਾ ਹਾਲ ਹੈ। ਮੌਲੀ ਜਗਰਾਂ ਤੋਂ ਲੈਕੇ ਡੱਡੂਮਾਜਰਾ ਤੱਕ ਦੇ ਵਾਸੀ ਮਾੜੀ ਸਫ਼ਾਈ ਵਿਵਸਥਾ ਖ਼ਿਲਾਫ਼ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਇਸੇ ਤਰ੍ਹਾਂ ਮੌਲੀ ਜਾਗਰਾਂ ਕਲੋਨੀ, ਰਾਮ ਦਰਬਾਰ, ਸੈਕਟਰ 47 ਕਾਲੀਬਾੜੀ, ਸੈਕਟਰ 46, 45, 43, ਮਨੀਮਾਜਰਾ, ਸੈਕਟਰ 26 ਦਾ ਰਿਹਾਇਸ਼ੀ ਇਲਾਕਾ ਤੇ ਸਬਜ਼ੀ ਮੰਡੀ, ਪਿੰਡ ਇਟਾਵਾ, ਧਨਾਸ ਦੀ ਮੁੜ ਵਸੇਬਾ ਕਲੋਨੀ, ਸੈਕਟਰ 25 ਦੇ ਭਾਸਕਰ ਕਲੋਨੀ, ਸੈਕਟਰ 52 ਅਤੇ ਸੈਕਟਰ 38 ਸਮੇਤ ਸ਼ਹਿਰ ਦੇ ਹੋਰਨਾਂ ਸੈਕਟਰਾਂ ਤੇ ਪਿੰਡਾਂ ਵਿੱਚ ਕੂੜੇ ਦੇ ਢੇਰ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਰਹੇ ਹਨ।
ਚੰਡੀਗੜ੍ਹ ਕਾਂਗਰਸ ਦੇ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਅਤੇ ਮੁਕੇਸ਼ ਰਾਏ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸਫ਼ਾਈ ਪੱਖੋਂ ਸ਼ਹਿਰ ਵਾਸੀਆਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਲੀ ਜਾਗਰਾਂ ਵਿੱਚ ਮੇਅਰ ਰਵੀ ਕਾਂਤ ਸ਼ਰਮਾ ਦੇ ਦੌਰੇ ਦੇ ਬਾਵਜੂਦ ਇਲਾਕਾ ਗੰਦਗੀ ਦੇ ਢੇਰਾਂ ਦੀ ਮਾਰ ਹੇਠ ਹੈ। ਉਧਰ ਆਮ ਆਦਮੀ ਪਾਰਟੀ ਦੇ ਯੋਗੇਸ਼ ਅਰੋੜਾ ਨੇ ਵੀ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਨੂੰ ਲੈਕੇ ਨਗਰ ਨਿਗਮ ਦੀ ਆਲੋਚਨਾ ਕੀਤੀ ਹੈ। ਇਸੇ ਤਰਾਂ ਸੈਕਟਰ 43-ਏ ਵਾਸੀ ਨੇ ਦੱਸਿਆ ਕਿ ਉਨ੍ਹਾਂ ਦੇ ਸੈਕਟਰ ਵਿੱਚ ਕੂੜੇ ਤੇ ਮਲਬੇ ਦੇ ਢੇਰ ਲੱਗੇ ਹਨ। ਇਸੇ ਤਰਾਂ ਡੱਡੂਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਕੂੜੇ ਦਾ ਨਿਪਟਾਰਾ ਕਰਨ ਵਿੱਚ ਫੇਲ ਰਿਹਾ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਨਗਰ ਨਿਗਮ ਨੂੰ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਛੇਤੀ ਹੱਲ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨਾਲ ਸਫ਼ਾਈ ਮੁਹਿੰਮ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।