ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੁਲਾਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਭਾਵੇਂ ਦੇਰੀ ਨਾਲ ਆਉਂਦਾ ਦਿਖਾਈ ਦੇ ਰਿਹਾ ਹੈ ਪਰ ਯੂਟੀ ਪ੍ਰਸ਼ਾਸਨ ਮੌਨਸੂਨ ਦੀ ਆਮਦ ਤੋਂ ਮੁੱਢਲੀ ਤਿਆਰੀਆਂ ਪੂਰੀਆਂ ਕਰਨ ਵਿੱਚ ਨਾਕਾਮ ਦਿਖਾਈ ਦੇ ਰਿਹਾ ਹੈ। ਮੌਨਸੂਨ ਦੀ ਆਮਦ ਤੋਂ ਪਹਿਲਾਂ ਸੁਖਨਾ ਚੋਅ, ਪਟਿਆਲਾ ਕੀ ਰਾਉ ਅਤੇ ਹੋਰ ਬਰਸਾਤੀ ਨਾਲਿਆਂ ਵਿੱਚ ਸਫ਼ਾਈ ਕਾਰਜ ਲਟਕੇ ਹੋਏ ਹਨ। ਭਾਵੇਂ ਯੂਟੀ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਮੌਨਸੂਨ ਦੀ ਆਮਦ ਸਬੰਧੀ ਪੰਜਾਬ ਨੂੰ ਸਫ਼ਾਈ ਕਾਰਜ ਲਈ ਪੱਤਰ ਲਿੱਖ ਦਿੱਤਾ ਸੀ ਪਰ ਚੰਡੀਗੜ੍ਹ ਵਿੱਚ ਸਫ਼ਾਈ ਦੇ ਕੰਮ ਪੂਰੇ ਨਹੀਂ ਹੋ ਸਕੇ ਹਨ।
ਚੰਡੀਗੜ੍ਹ ਵਿੱਚ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਕਾਰਨ ਪਾਣੀ ਵਧਣਾ ਸ਼ੁਰੂ ਹੋ ਗਿਆ ਸੀ। ਪ੍ਰਸ਼ਾਸਨ ਅਨੁਸਾਰ 15 ਜੂਨ ਨੂੰ ਪਾਣੀ ਦਾ ਪੱਧਰ 1157 ਫੁੱਟ ਦਰਜ ਕੀਤਾ ਗਿਆ ਸੀ ਜਦਕਿ 1163 ’ਤੇ ਖਤਰੇ ਦਾ ਨਿਸ਼ਾਨ ਹੈ। ਪਾਣੀ ਦੇ 1163 ਫੁੱਟ ’ਤੇ ਪਹੁੰਚਣ ’ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਉਸ ਸਮੇਂ ਜ਼ਰੂਰ ਯੂਟੀ ਪ੍ਰਸ਼ਾਸਨ ਨੇ ਸਫ਼ਾਈ ਦੇ ਕੰਮ ਸ਼ੁਰੂ ਕਰ ਦਿੱਤੇ ਸਨ। ਮੌਨਸੂਨ ਵਿੱਚ ਦੇਰੀ ਹੋਣ ਨਾਲ ਸਫ਼ਾਈ ਦੇ ਕੰਮ ਵਿੱਚਕਾਰ ਹੀ ਛੱਡ ਦਿੱਤੇ ਹਨ।
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਲੰਘਦੀ ਸੁਖਨਾ ਚੋਣ ਦੇ ਸਫ਼ਾਈ ਕਾਰਜ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਚੋਅ ਵਿੱਚ ਉੱਘੀ 4-4 ਫੁੱਟ ਉੱਚੀ ਬੂਟੀ ਸਾਫ਼ ਦਰਸਾਉਂਦੀ ਹੈ। ਸਾਲ 2018 ਅਤੇ 2020 ਵਿੱਚ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਦੂਜੇ ਪਾਸੇ ਸੁਖਨਾ ਚੋਅ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਬਾਹਰ ਨਿਕਲ ਗਿਆ ਜਿਸ ਕਾਰਨ ਸੁਖਨਾ ਚੋਅ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਥਿਤ ਘਰਾਂ ’ਚ ਪਾਣੀ ਦਾਖਲ ਹੋ ਗਿਆ ਸੀ। ਇਸੇ ਤਰ੍ਹਾਂ ਦੇ ਹਾਲਾਤ ਬਲਟਾਣਾ, ਜ਼ੀਰਕਪੁਰ ਵਿੱਚੋਂ ਲੰਘਦੀ ਨਹਿਰਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਜਿਸ ਕਾਰਨ ਮੁੜ ਪਾਣੀ ਵੱਧਣ ’ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਦੇ ਦਾਖਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2018 ਵਿੱਚ 24 ਸਤੰਬਰ ਨੂੰ ਪਾਣੀ ਵਧਣ ਕਾਰਨ ਫਲੱਡ ਗੇਟ ਖੋਲ੍ਹੇ ਗਏ ਸਨ ਜਦਕਿ ਸਾਲ 2020 ਵਿੱਚ 23 ਅਗਸਤ ਨੂੰ ਸਵੇਰੇ 4 ਵਜੇ ਦੇ ਕਰੀਬ ਹੀ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪੈ ਗਏ ਸਨ।
ਮੌਨਸੂਨ ਤੋਂ ਪਹਿਲਾਂ ਸਫ਼ਾਈ ਕਰ ਦਿੱਤੀ ਗਈ ਹੈ: ਚੀਫ਼ ਇੰਜਨੀਅਰ
ਯੂਟੀ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਸੀਬੀ ਓਝਾ ਦਾ ਕਹਿਣਾ ਹੈ ਕਿ ਮੌਨਸੂਨ ਤੋਂ ਪਹਿਲਾਂ ਸਫ਼ਾਈ ਕਰ ਦਿੱਤੀ ਗਈ ਹੈ। ਇਹ ਬੂਟੀ ਮੁੜ ਪੈਦਾ ਹੋ ਗਈ ਹੈ ਜਿਸ ਨੂੰ ਸਾਫ਼ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ ਬਹੁਤ ਹੇਠਾ ਹੈ। ਜੇਕਰ ਪਹਾੜਾਂ ਵਿੱਚ ਮੀਂਹ ਜ਼ਿਆਦਾ ਪੈਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਮੁੜ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ।