ਮੁਕੇਸ਼ ਕੁਮਾਰ
ਚੰਡੀਗੜ੍ਹ, 24 ਨਵੰਬਰ
ਸਵੱਛ ਸਰਵੇਖਣ-2021 ਵਿੱਚ ਸੋਹਣਾ ਸ਼ਹਿਰ ਚੰਡੀਗੜ੍ਹ ਪੱਛੜ ਗਿਆ ਹੈ ਅਤੇ ਨਿਗਮ ਕਮਿਸ਼ਨਰ ਆਨਿੰਦਿਤਾ ਮਿਤਰਾ ਐਕਸ਼ਨ ਵਿੱਚ ਆ ਗਏ ਹਨ। ਨਿਗਮ ਕੋਲ ਸ਼ਹਿਰ ਦੀ ਸਫ਼ਾਈ ਵਿਵਸਥਾ ਲਈ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਸਵੱਛਤਾ ਪੱਖੋਂ ਚੰਡੀਗੜ੍ਹ ਦੇ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਪਿਛਲੇ ਦਿਨੀਂ ਨਿਗਮ ਦੇ ਮੈਡੀਕਲ ਅਫਸਰ ਡਾ. ਅੰਮ੍ਰਿਤ ਪਾਲ ਸਿੰਘ ਵੜਿੰਗ, ਜੋ ਇਥੇ ਪੰਜਾਬ ਤੋਂ ਡੈਪੂਟੇਸ਼ਨ ’ਤੇ ਆਏ ਸਨ, ਨੂੰ ਕਾਰਜਮੁਕਤ ਕਰਨ ਤੋਂ ਬਾਅਦ ਹੁਣ ਨਗਰ ਨਿਗਮ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਜਾਂਚਣ ਲਈ ਗੁਣਵੱਤਾ ਦੇ ਆਧਾਰ ’ਤੇ ਨੰਬਰ ਦੇਣ ਦਾ ਫੈਸਲਾ ਕੀਤਾ ਹੈ। ਕਮਿਸ਼ਨਰ ਸ਼੍ਰੀਮਤੀ ਆਨਿੰਦਿਤਾ ਮਿਤਰਾ ਨੇ ਸਵੱਛਤਾ ਪੱਖੋਂ ਚੰਡੀਗੜ੍ਹ ਦੀ ਕਾਰਗੁਜ਼ਾਰੀ ਸੁਧਾਰਨ ਲਈ ਅਧਿਕਾਰੀਆਂ ਨੂੰ ਤਿਆਰੀਆਂ ਕਰਨ ਲਈ ਕਿਹਾ ਹੈ।
ਨਿਗਮ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਵਿੱਚ ਸੁਧਾਰ ਲਈ ਕੁੱਲ 7500 ਨੰਬਰ ਦੇਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਸ਼ਹਿਰ ਦੇ ਨਾਗਰਿਕਾਂ ਤੋਂ ਸਿਧੇ ਤੌਰ ’ਤੇ ਪ੍ਰਸ਼ਨ ਪੁੱਛ ਕੇ ਸਰਵੇਖਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਬੰਧਤ ਵਿਭਾਗ ਦੇ ਕਾਰਜਾਂ ਦੀ ਰੈਂਕਿੰਗ ਕੀਤੀ ਜਾਵੇਗੀ। ਨਿਗਮ ਵੱਲੋਂ ਇਸ ਬਾਰੇ ਅਗਲੇ ਸਾਲ ਜਨਵਰੀ ਵਿੱਚ ਸੋਸ਼ਲ ਮੀਡੀਆ ’ਤੇ ਪੂਰੀ ਜਾਣਕਾਰੀ ਉਪਲਬਧ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਰੈਂਕਿੰਗ ਵਿੱਚ ਸੁਧਾਰ ਲਈ ਐਮਓਐੱਚ ਵਿੰਗ ਨੂੰ ਜ਼ਿੰਮੇਵਾਰੀ ਸੌਂਪੀ: ਆਲਮੀ ਪੱਧਰ ’ਤੇ ਸੋਹਣੇ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਸਵੱਛਤਾ ਰੈਕਿੰਗ ਪਿਛਲੇ ਸਾਲ 16ਵੀਂ ਸੀ ਜੋ ਕਿ ਇਸ ਸਾਲ ਹੇਠਾਂ ਡਿੱਗ ਕੇ 66ਵੇਂ ਸਥਾਨ ਉੱਤੇ ਆਉਣ ਕਾਰਨ ਪੂਰੇ ਸ਼ਹਿਰ ਸਮੇਤ ਨਗਰ ਨਿਗਮ ਵਿੱਚ ਹਲਚਲ ਮਚੀ ਹੋਈ ਹੈ। ਇਸ ਰੈਂਕਿੰਗ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਅਨਿੰਦਿਤਾ ਮਿਤਰਾ ਨੇ ਸਾਰੀ ਕਾਰਵਾਈ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਰੈਂਕਿੰਗ ਵਿੱਚ ਸੁਧਾਰ ਲਈ ਸਭ ਤੋਂ ਮਹੱਤਵਪੂਰਣ ਜ਼ਿੰਮੇਵਾਰੀ ਐਮਓਐੱਚ ਵਿੰਗ ਨੂੰ ਦਿੱਤੀ ਹੈ। ਇਸ ਮਹਿਕਮੇ ਨੂੰ ਸਹਿਯੋਗ ਦੇਣ ਲਈ ਨਿਗਮ ਦੇ ਜਨ ਸੰਪਰਕ ਅਧਿਕਾਰੀ, ਐੱਸਈ (ਬੀਐਂਡਆਰ), ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਅਧਿਕਾਰੀ, ਬਾਗਵਾਨੀ ਵਿਭਾਗ, ਪਬਲਿਕ ਹੈਲਥ ਵਿਭਾਗ ਦੇ ਐੱਸਈ ਅਤੇ ਐਕਸੀਅਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਤੋਂ ਵੀ ਸਹਿਯੋਗ ਲੈਣ ਲਈ ਨਿਗਮ ਨੇ ਯੋਜਨਾ ਤਿਆਰ ਕੀਤੀ ਹੈ। ਨਿਗਮ ਕਮਿਸ਼ਨਰ ਵੱਲੋਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਨਿਗਮ ਦੇ ਸਬੰਧਤ ਵਿਭਾਗਾਂ ਨੂੰ ਗਿੱਲੇ-ਸੁੱਕੇ ਕੂੜੇ ਦੇ ਪ੍ਰਬੰਧਨ ਬਾਰੇ ਰੋਜ਼ਾਨਾ ਅਤੇ ਹਫ਼ਤਾਵਾਰ ਰਿਪੋਰਟ ਦਾਖਲ ਕਰਨ ਸਮੇਤ ਹੋਰ ਉਪਰਾਲਿਆਂ ਦੀ ਵੀ ਰਿਪੋਰਟ ਪੇਸ਼ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸ਼ਹਿਰ ਦੀ ਸਫ਼ਾਈ ਵਿਵਸਥਾ ਲਈ ਇਥੋਂ ਦੇ ਨਾਗਰਿਕਾਂ ਦੀ ਹਿੱਸੇਦਾਰੀ ਸਮੇਤ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰਨ ਦੇ ਨਾਲ-ਨਾਲ ਹਰ ਵਾਰਡ ਵਿੱਚ ਬਿਹਤਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਨਾਮ ਦੇ ਕੇ ਸਨਮਾਨਤ ਕਰਨ ਦੀ ਯੋਜਨਾ ਵੀ ਉਲੀਕੀ ਗਈ ਹੈ।
ਸਵੱਛਤਾ ਮੁਹਿੰਮ ’ਚ ਖਰੇ ਨਾ ਉਤਰਨ ਵਾਲੇ ਅਧਿਕਾਰੀ ਖ਼ਬਰਦਾਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸਵੱਛਤਾ ਸਰਵੇਖਣ ’ਚ ਚੰਡੀਗੜ੍ਹ ਦੇ ਪੱਛੜਣ ਕਾਰਨ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅੱਜ ਮੀਟਿੰਗ ਹੋਈ। ਸਲਾਹਕਾਰ ਨੇ ਕਿਹਾ ਕਿ ਭਵਿੱਖ ਵਿੱਚ ਸਫ਼ਾਈ ਦੇ ਮਾਮਲੇ ਵਿੱਚ ਯੂਟੀ ਪ੍ਰਸ਼ਾਸਨ ਅਤੇ ਨਿਗਮ ਦੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਮੀਦਾਂ ’ਤੇ ਖਰੇ ਨਾ ਉਤਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਪੁਲੀਸ ਨੂੰ ਸ਼ਹਿਰ ਦੀਆਂ ਜਨਤਕ ਥਾਵਾਂ ’ਤੋਂ ਪੁਰਾਣੇ ਵਾਹਨ ਹਟਾਉਣ ਲਈ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਸੈਕਟਰ-26 ਸਬਜ਼ੀ ਮੰਡੀ ਵਿੱਚ ਸਫ਼ਾਈ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਸਲਾਹਕਾਰ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਸ੍ਰੀ ਧਰਮਪਾਲ ਨੇ ਨਗਰ ਨਿਗਮ ਨੂੰ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ 31 ਦਸੰਬਰ 2021 ਤੱਕ ਡੱਡੂਮਾਜਰਾ ਡੰਪਿੰਗ ਗਰਾਊਂਡ ਵਿੱਚ ਵੱਧ ਤੋਂ ਵੱਧ ਸਫ਼ਾਈ ਕਾਰਜ ਕੀਤੇ ਜਾਣ। ਸਲਾਹਕਾਰ ਨੇ ਯੂਟੀ ਦੇ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਹਰ ਵਿਭਾਗ ਹਰ ਹਫ਼ਤੇ ਮੀਟਿੰਗ ਕਰਕੇ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲਵੇ ਅਤੇ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਪ੍ਰਬੰਧਾਂ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਸਾਲ ਸਵੱਛਤਾ ਸਰਵੇਖਣ ਵਿੱਚ ਚੰਡੀਗੜ੍ਹ ਦਾ 66ਵਾਂ ਨੰਬਰ ਆਉਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਦਿਖਾਈ ਦੇ ਰਿਹਾ ਹੈ ਜਦੋਂ ਕਿ ਇਹ ਕੰਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਹੀ ਮੁਕੰਮਲ ਕਰ ਲੈਣੇ ਚਾਹੀਦੇ ਸਨ।