ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
ਇਥੇ ਸੈਕਟਰ-37 ਦੀ ਕੋਠੀ ’ਤੇ ਜ਼ਬਰੀ ਕਬਜ਼ਾ ਕਰਨ ਅਤੇ ਕੋਠੀ ਦੇ ਮਾਲਕ ਰਾਹੁਲ ਮਹਿਤਾ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਸੰਜੀਵ ਮਹਾਜਨ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਇਸ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਵੀਰਵਾਰ (25 ਮਾਰਚ) ਤਕ ਮੁਲਤਵੀ ਕਰ ਦਿੱਤੀ ਹੈ। ਐਡਵੋਕੇਟ ਰਾਜੇਸ਼ ਸ਼ਰਮਾ ਨੇ ਜ਼ਮਾਨਤ ਅਰਜ਼ੀ ਵਿੱਚ ਦੱਸਿਆ ਕਿ ਸੰਜੀਵ ਮਹਾਜਨ ਨੇ ਬਤੌਰ ਪੱਤਰਕਾਰ ਕਈ ਰਾਜ ਨੇਤਾ, ਅਧਿਕਾਰੀਆਂ ਅਤੇ ਹੋਰਨਾਂ ਅਪਰਾਧੀਆਂ ਦਾ ਖੁਲਾਸਾ ਕੀਤਾ ਹੈ। ਇਸੇ ਰੰਜਿਸ਼ ਦੇ ਚਲਦਿਆਂ ਸੰਜੀਵ ਮਹਾਜਨ ਨੂੰ ਕਥਿਤ ਤੌਰ ’ਤੇ ਝੂਠੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਵਿੱਚ ਸੰਜੀਵ ਦੇ ਘਰ ਵਿੱਚੋਂ ਜਾਂ ਹੋਰ ਕਿਸੇ ਥਾਂ ਤੋਂ ਉਪਰੋਕਤ ਅਪਰਾਧ ਨਾਲ ਜੁੜੀ ਕੋਈ ਵਸਤ ਬਰਾਮਦ ਨਹੀਂ ਹੋ ਸਕੀ ਹੈ। ਇਸ ਲਈ ਸੰਜੀਵ ਮਹਾਜਨ ਨੂੰ ਜ਼ਮਾਨਤ ਦਿੱਤੀ ਜਾਵੇ। ਇਸ ਅਰਜ਼ੀ ’ਤੇ ਬਹਿਸ ਦੌਰਾਨ ਸਰਕਾਰੀ ਪੱਖ ਦੇ ਵਕੀਲ ਨੇ ਸੰਜੀਵ ਦੇ ਵਕੀਲ ਦੀ ਦਲੀਲ ਦਾ ਵਿਰੋਧ ਕੀਤਾ। ਇਸ ਮਗਰੋਂ ਅਦਾਲਤ ਨੇ ਜ਼ਮਾਨਤ ਅਰਜ਼ੀ ਦੀ ਸੁਣਵਾਈ ਮੁਲਤਵੀ ਕਰ ਦਿੱਤੀ।
ਸੌਰਭ ਗੁਪਤਾ ਅਤੇ ਮੁਨੀਸ਼ ਗੁਪਤਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਟਲੀ
ਇਸੇ ਕੇਸ ਵਿੱਚ ਨਾਮਜ਼ਦ ਸੌਰਭ ਗੁਪਤਾ ਅਤੇ ਮੁਨੀਸ਼ ਗੁਪਤਾ ਦੀ ਜ਼ਮਾਨਤ ਅਰਜ਼ੀ ’ਤੇ ਵੀ ਅੱਜ ਸੁਣਵਾਈ ਹੋਈ। ਇਸ ਦੌਰਾਨ ਪੁਲੀਸ ਨੇ ਆਪਣਾ ਜਵਾਬ ਦਾਇਰ ਕੀਤਾ। ਪੁਲੀਸ ਦਾ ਕਹਿਣਾ ਹੈ ਕਿ ਦੋਵਾਂ ਜਣਿਆਂ ਨੂੰ ਜ਼ਮਾਨਤ ਦੇਣ ਨਾਲ ਕੇਸ ਦੀ ਜਾਂਚ ਪ੍ਰਭਾਵਿਤ ਹੋਵੇਗੀ। ਇਸ ਮਗਰੋਂ ਅਦਾਲਤ ਨੇ ਅਰਜ਼ੀਆਂ ’ਤੇ ਸੁਣਵਾਈ 25 ਮਾਰਚ ਤੱਕ ਮੁਲਤਵੀ ਕਰ ਦਿੱਤੀ।