ਪੀ.ਪੀ ਵਰਮਾ
ਪੰਚਕੂਲਾ, 10 ਮਈ
ਸੰਤ ਨਿਰੰਕਾਰੀ ਮਿਸ਼ਨ ਵਲੋਂ ਪੰਚਕੂਲਾ ਦੇ ਸੈਕਟਰ-9 ਦੇ ਸਤਿਸੰਗ ਭਵਨ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 50 ਬੈੱਡ ਦਾ ‘ਕੋਵਿਡ-19 ਟ੍ਰੀਟਮੈਂਟ ਸੈਂਟਰ’ ਹਰਿਆਣਾ ਸਰਕਾਰ ਨੂੰ ਮੁਹੱਇਆ ਕਰਵਾਇਆ ਗਿਆ। ਸਰਕਾਰ ਦੇ ਸਹਿਯੋਗ ਨਾਲ ਇਸ ਟ੍ਰੀਟਮੈਂਟ ਸੈਂਟਰ ਵਿੱਚ ਬੈੱਡ ਆਦਿ ਅਤੇ ਮਰੀਜ਼ਾਂ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਸੰਤ ਨਿਰੰਕਾਰੀ ਮਿਸ਼ਨ ਵਲੋਂ ਕੀਤਾ ਜਾਵੇਗਾ। ਜ਼ੋਨਲ ਇੰਚਾਰਜ ਕੇ.ਕੇ. ਕਸ਼ਯਪ ਅਤੇ ਕਰਨੈਲ ਸਿੰਘ, ਖੇਤਰੀ ਸੰਚਾਲਕ ਪੰਚਕੂਲਾ ਖੇਤਰ ਨੇ ਦੱਸਿਆ ਕਿ ਕੋਵਿਡ-19 ਟ੍ਰੀਟਮੈਂਟ ਸੈਂਟਰ ਵਿੱਚ ਮਿਸ਼ਨ ਵਲੋਂ ਤਿੰਨੋਂ ਟਾਈਮ ਦੇ ਖਾਣੇ ਦੀ ਵਿਵਸਥਾ, ਆਕਸੀਜਨ ਕੰਸਨਟਰੇਟਰ ਅਤੇ ਮਿਸ਼ਨ ਵਲੋਂ ਦਿੱਲੀ ਤੋਂ ਭੇਜਿਆ ਗਿਆ ਸਾਮਾਨ ਮੁਹੱਇਆ ਕਰਵਾਇਆ ਜਾਵੇਗਾ। ਪਰੰਤੂ ਮੈਡੀਕਲ ਸਹੂਲਤ, ਡਾਕਟਰ, ਨਰਸਾਂ ਅਤੇ ਪੈਰਾ ਮੈਡੀਕਲ ਸਹੂਲਤਾਂ ਸਰਕਾਰ ਵਲੋਂ ਮੁਹੱਇਆ ਕਰਵਾਈਆਂ ਜਾਣਗੀਆਂ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਸੰਤ ਨਿਰੰਕਾਰੀ ਮੰਡਲ ਦੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਕੇ.ਕੇ. ਕਸ਼ਯਪ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮਿਲ ਕੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਚ ਕੋਵਿਡ-19 ਟ੍ਰੀਟਮੈਂਟ ਸੈਂਟਰ ਬਣਾਉਣ ਦੀ ਗੱਲ ਕੀਤੀ ਸੀ। ਜਿਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿਚ ਕੋਵਿਡ 19 ਟ੍ਰੀਟਮੈਂਟ ਸੈਂਟਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਸੀ।