ਹਰਜੀਤ ਸਿੰਘ
ਜ਼ੀਰਕਪੁਰ, 8 ਜਨਵਰੀ
ਪੁਲੀਸ ਨੇ ਇੱਥੋਂ ਦੇ ਪਿੰਡ ਰਾਮਪੁਰ ਕਲਾਂ ਦੇ ਸਰਪੰਚ, ਉਸ ਦੀ ਪਤਨੀ ਤੇ ਲੜਕੇ ’ਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਸਰਪੰਚ ਸਣੇ ਹੋਰਨਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਝਗੜਾ ਸਿਆਸੀ ਰੰਜਿਸ਼ ਕਾਰਨ ਹੋਇਆ ਹੈ। ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਛੇ ਜਨਵਰੀ ਦੀ ਸ਼ਾਮ ਨੂੰ ਕਰੀਬ ਸਾਢੇ ਅੱਠ ਵਜੇ ਉਹ ਤੇ ਉਸ ਦਾ ਲੜਕਾ ਪ੍ਰਦੀਪ ਸਿੰਘ ਆਪਣੇ ਘਰ ਦੇ ਗੇਟ ਕੋਲ ਖੜ੍ਹੇ ਸਨ। ਇਸ ਦੌਰਾਨ ਮੁਲਜ਼ਮ ਉਨ੍ਹਾਂ ਕੋਲ ਲੜਾਈ ਝਗੜਾ ਕਰਨ ਦੀ ਨੀਅਤ ਨਾਲ ਆਏ ਅਤੇ ਆਉਂਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦ ਰੌਲਾ ਸੁਣ ਕੇ ਉਸ ਦੀ ਪਤਨੀ ਬਲਵਿੰਦਰ ਕੌਰ ਝਗੜਾ ਛੁਡਵਾਉਣ ਆਈ ਤਾਂ ਮੁਲਜ਼ਮਾਂ ਨੇ ਉਸ ਦੇ ਲੜਕੇ ਤੇ ਉਸ ਦੀ ਪਤਨੀ ਦੇ ਸਿਰ ਵਿੱਚ ਕੱਸੀ ਅਤੇ ਗੰਡਾਸੀ ਨਾਲ ਕਈ ਵਾਰ ਕੀਤੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕਰ ਕੇ ਤਿੰਨੇ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਫ਼ਰਾਰ ਹੁੰਦੇ ਹੋਏ ਮੁਲਜ਼ਮ ਉਸ ਦੇ ਭਰਾ ਦੀ ਖੜ੍ਹੀ ਗੱਡੀ ਇਨੋਵਾ ਦੀ ਭੰਨ-ਤੋੜ ਕਰ ਗਏ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਿੰਡ ਦੇ ਵਸਨੀਕ ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਹਾਕਮ ਸਿੰਘ, ਧਰਮ ਸਿੰਘ ਅਤੇ ਪ੍ਰੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।