ਆਤਿਸ਼ ਗੁਪਤਾ
ਚੰਡੀਗੜ੍ਹ, 12 ਜੁਲਾਈ
ਇੱਥੋਂ ਦੇ ਸੈਕਟਰ 9 ’ਚ ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਚਾਰ ਦਿਨ ਪਹਿਲਾਂ ਢਾਈ ਸਦੀਆਂ ਪੁਰਾਣਾ ਪਿੱਪਲ ਦਾ ਦਰੱਖ਼ਤ ਡਿੱਗਣ ਕਾਰਨ ਜਿੱਥੇ 16 ਸਾਲਾ ਹੀਰਾਕਸ਼ੀ ਦੀ ਮੌਤ ਹੋ ਗਈ ਸੀ ਉੱਥੇ ਡੇਢ ਦਰਜਨ ਬੱਚੇ ਜ਼ਖ਼ਮੀ ਹੋ ਗਏ ਸਨ। ਯੂਟੀ ਪ੍ਰਸ਼ਾਸਨ ਨੇ ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਅਤੇ ਕਿਸੇ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਸੇਵਾਮੁਕਤ ਜਸਟਿਸ ਜੀਤਇੰਦਰ ਚੌਹਾਨ ਦੀ ਅਗਵਾਈ ਹੇਠ ਇੱਕ ਮੈਂਬਰੀ ਕਮੇਟੀ ਬਣਾਈ ਹੈ। ਇਹ ਜਾਂਚ ਕਮੇਟੀ ਉਕਤ ਘਟਨਾ ਦੇ ਕਸੂਰਵਾਰਾਂ ਦੇ ਨਾਮ ਤੈਅ ਕਰੇਗੀ। ਯੂਟੀ ਪ੍ਰਸ਼ਾਸਨ ਨੇ ਸਕੂਲ ਹਾਦਸੇ ਵਿੱਚ ਫੌਤ ਹੋਈ ਹੀਰਾਕਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੰਭੀਰ ਰੂਪ ’ਚ ਜ਼ਖ਼ਮੀ ਦੋ ਬੱਚੀਆਂ ਅਤੇ ਇੱਕ ਸੇਵਾਦਾਰ ਨੂੰ 10-10 ਲੱਖ ਰੁਪਏ ਅਤੇ ਹੋਰਨਾਂ ਮਾਮੂਲੀ ਸੱਟਾਂ ਲੱਗਣ ਵਾਲੇ ਵਿਦਿਆਰਥੀਆਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਕੀਤਾ ਹੈ।
ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸਲਾਹਕਾਰ ਧਰਮਪਾਲ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀਰਾਕਸ਼ੀ ਦੇ ਘਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਵੀ ਪ੍ਰਸ਼ਾਸਨ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀਜੀਆਈ ਵਿੱਚ ਇਲਾਜ ਅਧੀਨ ਦੋਵੇਂ ਬੱਚੀਆਂ ਅਤੇ ਇੱਕ ਔਰਤ ਸੇਵਾਦਾਰ ਦਾ ਹਾਲ-ਚਾਲ ਜਾਣਿਆ। ਪ੍ਰਸ਼ਾਸਕ ਨੇ ਪੀੜਤ ਪਰਿਵਾਰ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ। ਇਸ ਮੌਕੇ ਯੂਟੀ ਦੇ ਗ੍ਰਹਿ ਸਕੱਤਰ, ਡੀਜੀਪੀ, ਐੱਸਐੱਸਪੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਹਾਜ਼ਰ ਰਹੇ।
ਸੁੱਕੇ ਦਰੱਖਤਾਂ ਬਾਰੇ ਰਿਪੋਰਟ ਅੱਜ ਦੇਵੇਗੀ ਟੀਮ
ਸ਼ਹਿਰ ਦੇ ਸਕੂਲਾਂ ਵਿੱਚ ਸੁੱਕ ਚੁੱਕੇ ਜਾਂ ਮਿਆਦ ਪੂਰੀ ਕਰ ਚੁੱਕੇ ਦਰੱਖਤਾਂ ਦੀ ਜਾਂਚ ਲਈ ਬਣਾਈ ਕਮੇਟੀ ਆਪਣੀ ਅਧਿਕਾਰਤ ਰਿਪੋਰਟ ਭਲਕੇ ਦੇਵੇਗੀ। ਜਾਣਕਾਰੀ ਅਨੁਸਾਰ ਟੀਮ ਨੇ ਸ਼ਹਿਰ ਦੇ ਕੁੱਲ 211 ਵਿੱਚੋਂ 204 ਸਕੂਲਾਂ ਦਾ ਸਰਵੇਖਣ ਕਰ ਲਿਆ ਹੈ, ਜਿੱਥੋਂ 65 ਤੋਂ 70 ਦੇ ਕਰੀਬ ਦਰੱਖਤ ਸੁੱਕੇ ਹੋਏ ਮਿਲੇ ਹਨ। ਇਸ ਸਬੰਧੀ ਰਹਿੰਦੇ 7 ਸਕੂਲਾਂ ਵਿੱਚ ਸਰਵੇਖਣ ਕਰਨ ਉਪਰੰਤ ਟੀਮ ਆਪਣੀ ਰਿਪੋਰਟ ਪ੍ਰਸ਼ਾਸਨ ਦੇ ਹਵਾਲੇ ਕਰੇਗੀ। ਉਸ ਤੋਂ ਬਾਅਦ ਸੁੱਕੇ ਹੋਏ ਦਰੱਖਤਾਂ ਨੂੰ ਕੱਟਿਆ ਜਾਵੇਗਾ।
ਮੁਹਾਲੀ ਪ੍ਰਸ਼ਾਸਨ ਵੱਲੋਂ ਸੁੱਕੇ ਦਰੱਖ਼ਤਾਂ ਦੀ ਕਟਾਈ ਸ਼ੁਰੂ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਦੀਆਂ ਹਦਾਇਤਾਂ ’ਤੇ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਵਿੱਚ ਸੁੱਕੇ ਦਰੱਖ਼ਤਾਂ ਦੀ ਕਟਾਈ ਸ਼ੁਰੂ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿੱਥੇ ਕਿਤੇ ਵੀ ਸੁੱਕੇ ਦਰਖ਼ਤ ਕੱਟੇ ਜਾਣ, ਉੱਥੇ ਨਵਾਂ ਬੂਟਾ ਲਗਾਇਆ ਜਾਵੇ ਤਾਂ ਜੋ ਮੁਹਾਲੀ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਸੱਦ ਕੇ ਕੇ ਸ਼ਹਿਰ ਵਿੱਚ ਸੁੱਕੇ ਦਰੱਖ਼ਤਾਂ ਦੀ ਕਟਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਨਿਗਮ ਟੀਮਾਂ ਵੱਲੋਂ ਸ਼ਿਕਾਇਤਾਂ ਦੇ ਆਧਾਰ ਬਣਾ ਕੇ ਵੱਖ-ਵੱਖ ਥਾਵਾਂ ’ਤੇ ਸੁੱਕੇ ਦਰੱਖ਼ਤਾਂ ਦੀ ਕਟਾਈ ਸ਼ੁਰੂ ਕੀਤੀ ਗਈ। ਸੁੱਕੇ ਦਰਖ਼ਤਾਂ ਤੋਂ ਇਲਾਵਾ ਲੋਕਾਂ ਦੇ ਘਰਾਂ ਮੂਹਰੇ ਅਤੇ ਸੜਕਾਂ ਕਿਨਾਰੇ ਖੜ੍ਹੇ ਪੁਰਾਣੇ ਅਤੇ ਕਾਫ਼ੀ ਉੱਚੇ ਦਰੱਖ਼ਤਾਂ ਨੂੰ ਵੀ ਛਾਂਗਿਆ ਜਾਵੇਗਾ। ਇਸ ਮੌਕੇ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਵੱਖ-ਵੱਖ ਇਲਾਕਿਆਂ ਵਿੱਚ ਸੁੱਕੇ ਦਰੱਖ਼ਤਾਂ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਆਪੋ-ਆਪਣੇ ਖੇਤਰ ਵਿੱਚ ਮੁਆਇਨਾ ਕਰਨ ਅਤੇ ਸੁੱਕੇ ਦਰੱਖ਼ਤਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੀ ਤੁਰੰਤ ਕਟਾਈ ਕੀਤੀ ਜਾਵੇ।