ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਸਤੰਬਰ
ਟ੍ਰਾਈਸਿਟੀ ਦੇ ਸਕੂਲ ਬੱਸ ਅਪਰੇਟਰਾਂ ਨੇ ਕਰੋਨਾ ਕਾਰਨ ਬੰਦ ਪਏ ਕਾਰੋਬਾਰ ਤੇ ਆਰਥਿਕ ਮੰਦੀ ਦੇ ਮੱਦੇਨਜ਼ਰ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦ ਤਕ ਸਕੂਲ ਨਹੀਂ ਖੁੱਲ੍ਹਦੇ ਤਦ ਤਕ ਮੋਟਰ ਵਹੀਕਲ ਟੈਕਸ, ਪਰਮਿਟ ਫੀਸ ਰਿਨਿਊਲ ਤੇ ਸਕੂਲ ਬੱਸ ਫਿਟਨੈੱਸ ਸਰਟੀਫਿਕੇਟ ਦੀ ਮਿਆਦ ਵਧਾਈ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਬੱਸਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਪ੍ਰਤੀ ਬੱਸ 75 ਤੋਂ 85 ਹਜ਼ਾਰ ਰੁਪਏ ਟੈਕਸ ਜਮ੍ਹਾਂ ਕਰਵਾਉਣ ਨਾਲ ਉਹ ਕੰਗਾਲ ਹੋ ਜਾਣਗੇ।
ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਪੱਤਰ ਵਿਚ ਕਿਹਾ ਕਿ ਕਰੋਨਾ ਕਾਰਨ ਸਕੂਲ ਬੰਦ ਹਨ ਤੇ ਉਨ੍ਹਾਂ ਦੀਆਂ ਬੱਸਾਂ ਵੀ ਨਹੀਂ ਚੱਲ ਰਹੀਆਂ ਪਰ ਉਨ੍ਹਾਂ ਦੇ ਜ਼ਿਆਦਾਤਰ ਖਰਚੇ ਪਹਿਲਾਂ ਵਾਂਗ ਹੀ ਹਨ। ਉਨ੍ਹਾਂ ਨੂੰ ਬੱਸਾਂ ਲਈ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਨੇ ਕਿਸ਼ਤਾਂ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸੈਣੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਤੇ ਲੌਕਡਾਊਨ ਸਮੇਂ ਦਾ ਸਰਕਾਰ ਨੂੰ ਰੋਡ ਟੈਕਸ ਮੁਆਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਤਾਲਾਬੰਦੀ ਦੌਰਾਨ ਹੁਕਮ ਜਾਰੀ ਕੀਤੇ ਸਨ ਕਿ 30 ਜੂਨ ਤਕ ਮੋਟਰ ਵਹੀਕਲ ਟੈਕਸ, ਪਰਮਿਟ ਫੀਸ ਤੇ ਫਿਟਨੈਸ ਸਰਟੀਫਿਕੇਟ ਦੀ ਮਿਆਦ ਵਧਾਈ ਜਾਂਦੀ ਹੈ ਤੇ ਸਰਕਾਰ ਨੇ ਦੁਬਾਰਾ ਜਾਣਕਾਰੀ ਦਿੱਤੀ ਸੀ ਕਿ ਇਹ ਮਿਆਦ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ ਪਰ ਹੁਣ ਕੇਂਦਰ ਦਾ ਨਵਾਂ ਪੱਤਰ ਆ ਗਿਆ ਹੈ ਜਿਸ ਵਿਚ ਪਹਿਲੀ ਅਗਸਤ ਤੋਂ ਰੋਡ ਟੈਕਸ ਤੇ ਹੋਰ ਟੈਕਸ ਪੈਨਲਟੀ ਸਣੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
20 ਸਾਲ ਬੱਸਾਂ ਚਲਾਉਣ ਦੀ ਇਜਾਜ਼ਤ ਮੰਗੀ
ਮੁਹਾਲੀ, ਚੰਡੀਗੜ੍ਹ ਤੇ ਪੰਚਕੂਲਾ ਦੇ ਸਕੂਲ ਬੱਸ ਮਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਵਲੋਂ 15 ਸਾਲ ਪੁਰਾਣੀ ਹੀ ਬੱਸ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕਰੋਨਾ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਹੁਣ 20 ਸਾਲ ਤਕ ਪੁਰਾਣੀਆਂ ਬੱਸਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਰੋਸ ਹੈ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ, ਮੁੱਖ ਮੰਤਰੀਆਂ ਤੇ ਹੋਰ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਕਈ ਪੱਤਰ ਲਿਖੇ ਤੇ ਮਿਲਣ ਲਈ ਸਮਾਂ ਮੰਗਿਆ ਪਰ ਕਿਸੇ ਨੇ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਜਿਸ ਕਰ ਕੇ ਊਹ ਆਉਂਦੇ ਦਿਨਾਂ ਵਿਚ ਸੰਘਰਸ਼ ਕਰਨਗੇ।
ਚੰਡੀਗੜ੍ਹ ਦੀਆਂ ਬੱਸਾਂ ਨੂੰ ਖਰੜ ਤੇ ਡੇਰਾਬਸੀ ਜਾਣ ਦੀ ਮਿਲੀ ਇਜਾਜ਼ਤ
ਇਥੋਂ ਦੇ ਟਰਾਂਸਪੋਰਟ ਸਕੱਤਰ ਨੇ ਪੱਤਰ ਜਾਰੀ ਕੀਤਾ ਹੈ ਕਿ ਟ੍ਰਾਈਸਿਟੀ ਵਿਚ ਚੱਲਦੀਆਂ ਸਕੂਲ ਬੱਸਾਂ ਨੂੰ ਅਗਲੇ ਹੁਕਮਾਂ ਤਕ ਜ਼ੀਰਕਪੁਰ, ਡੇਰਾਬਸੀ, ਖਰੜ ਤੇ ਮੁੱਲਾਂਪੁਰ ਤਕ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਫੀਸ ਜਮ੍ਹਾਂ ਕਰਵਾਉਣ ਦੀ ਮੋਹਲਤ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਨੂੰ ਵਧਾ ਕੇ ਦੋ ਸਤੰਬਰ ਕਰ ਦਿੱਤਾ ਗਿਆ ਹੈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਵਿਚ ਦਾਖਲਾ ਹੋ ਚੁੱਕਾ ਹੈ ਪਰ ਉਹ ਫੀਸ ਜਮ੍ਹਾਂ ਕਰਵਾਉਣ ਤੋਂ ਰਹਿ ਗਏ ਹਨ, ਉਹ ਹੁਣ ਆਪਣੀ ਆੲਡੀ ਰਾਹੀਂ ਲਾਗਇਨ ਕਰ ਕੇ 2 ਸਤੰਬਰ ਨੂੰ ਦੁਪਹਿਰ ਦੋ ਵਜੇ ਤਕ ਫੀਸ ਜਮ੍ਹਾਂ ਕਰਵਾ ਸਕਦੇ ਹਨ।