ਹਰਜੀਤ ਸਿੰਘ
ਜ਼ੀਰਕਪੁਰ, 12 ਅਕਤੂਬਰ
ਇੱਥੋਂ ਦੀ ਛੱਤ-ਸ਼ਤਾਬਗੜ੍ਹ ਸੜਕ ’ਤੇ ਅੱਜ ਇਕ ਸਕੂਲ ਦੀ ਬੱਸ ਵੱਲੋਂ ਫੇਟ ਮਾਰੇ ਜਾਣ ਕਾਰਨ ਇਕ ਹੋਰ ਨਿੱਜੀ ਸਕੂਲ ਦੀ ਬੱਸ ਪਲਟ ਗਈ। ਹਾਦਸੇ ਵਿੱਚ ਤਿੰਨ ਬੱਚੇ ਜ਼ਖ਼ਮੀ ਹੋ ਗਏ ਜਦਕਿ ਬਾਕੀ ਬੱਚੇ ਵਾਲ-ਵਾਲ ਬੱਚ ਗਏ। ਬੱਸ ਵਿੱਚ ਕੁੱਲ 10 ਬੱਚੇ ਸਵਾਰ ਸਨ। ਜ਼ਖ਼ਮੀਆਂ ਵਿੱਚੋਂ ਸੱਤ ਸਾਲਾਂ ਦੇ ਹਰਸ਼ਦੀਪ ਸਿੰਘ ਨਾਂ ਦੇ ਬੱਚੇ ਦੀ ਬਾਂਹ ਟੁੱਟ ਗਈ ਜੋ ਕਿ ਸਕੂਲ ਵਿੱਚ ਪਹਿਲੀ ਜਮਾਤ ’ਚ ਪੜ੍ਹਦਾ ਹੈ। ਉੱਧਰ, ਉਸ ਦੇ ਤਾਏ ਦੀ 14 ਸਾਲਾ ਧੀ ਸਿਮਰਨਜੀਤ ਕੌਰ ਦੀ ਖੱਬੀ ਲੱਤ ’ਤੇ ਗੰਭੀਰ ਸੱਟ ਲੱਗੀ ਅਤੇ ਉਸ ਦੇ ਛੋਟੇ ਭਰਾ ਮਨਵੀਰ ਸਿੰਘ ਨੂੰ ਵੀ ਸੱਟਾਂ ਵੱਜੀਆਂ। ਬਨੂੜ ਦੇ ਸੰਤ ਬਾਬਾ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀ ਬੱਸ ਦੇ ਡਰਾਈਵਰ ਕਿਰਪਾਲ ਸਿੰਘ ਨੇ ਦੱਸਿਆ ਕਿ ਉਹ ਛੁੱਟੀ ਤੋਂ ਬਾਅਦ ਪਿੰਡ ਛੱਤ ਤੋਂ ਸ਼ਤਾਬਗੜ੍ਹ ਵੱਲ ਬੱਚੇ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇਕ ਹੋਰ ਸਕੂਲ ਦੀ ਬੱਸ ਨੇ ਉਸ ਦੀ ਬੱਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਬੱਸ ਸੜਕ ਦੇ ਨਾਲ ਲੱਗਦੇ ਖਤਾਨਾਂ ਵਿੱਚ ਪਲਟ ਗਈ। ਉਸ ਨੇ ਦੱਸਿਆ ਕਿ ਹਾਦਸਾ ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਵਾਪਰਿਆ ਜਦੋਂ ਉਹ ਪਿੰਡ ਸ਼ਤਾਬਗੜ੍ਹ ਤੋਂ ਕਰੀਬ ਇਕ ਕਿੱਲੋਮੀਟਰ ਪਿੱਛੇ ਸੀ। ਮੌਕੇ ’ਤੇ ਖੜ੍ਹੇ ਰਾਹਗੀਰਾਂ ਨੇ ਦੱਸਿਆ ਕਿ ਅੱਗੇ ਜਾ ਰਹੀ ਸਕੂਲ ਬੱਸ ਦੀ ਰਫ਼ਤਾਰ ਘੱਟ ਸੀ ਜਿਸ ਕਾਰਨ ਉਸ ’ਚ ਸਵਾਰ ਬੱਚੇ ਵਾਲ-ਵਾਲ ਬੱਚ ਗਏ। ਹਾਦਸੇ ਮਗਰੋਂ ਟੱਕਰ ਮਾਰਨ ਵਾਲੀ ਬੱਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਇਕ ਘੰਟੇ ਬਾਅਦ ਮੌਕੇ ’ਤੇ ਆਇਆ। ਪੁਲੀਸ ਉਸ ਨੂੰ ਫੜ ਕੇ ਥਾਣੇ ਲੈ ਗਈ। ਹਾਦਸਾਗ੍ਰਸਤ ਹੋਈ ਬੱਸ ਦੇ ਚਾਲਕ ਨੇ ਬੱਚਿਆਂ ਦੇ ਮਾਪਿਆਂ ਨੂੰ ਮੌਕੇ ’ਤੇ ਹੀ ਸੱਦ ਲਿਆ ਸੀ। ਮਾਪੇ ਆਪਣੇ ਬੱਚਿਆਂ ਨੂੰ ਹਾਦਸੇ ਵਾਲੀ ਥਾਂ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਤੋਂ ਮੁੱਢਲੀ ਸਹਾਇਤ ਦਿਵਾ ਕੇ ਘਰ ਲੈ ਗਏ।
ਸੜਕ ਹਾਦਸਿਆਂ ਵਿੱਚ ਦੋ ਹਲਾਕ, ਤਿੰਨ ਜ਼ਖ਼ਮੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਲੰਘੀ ਰਾਤ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਹੇਤ ਰਾਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੈਂਟਰ ਵਿੱਚ ਪਲਾਸਟਿਕ ਦਾ ਕਚਰਾ ਲੋਡ ਕਰ ਕੇ ਦਿੱਲੀ ਜਾ ਰਹੇ ਸਨ। ਰਾਤ ਕਰੀਬ 11 ਵਜੇ ਜੀਟੀ ਰੋਡ ’ਤੇ ਕੈਂਟਰ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ। ਉਹ ਕੈਂਟਰ ਦੇ ਥੱਲੇ ਜੈੱਕ ਲਾ ਰਿਹਾ ਸੀ ਅਤੇ ਡਰਾਈਵਰ ਨਰੇਸ਼ ਕੌਸ਼ਲ ਸਟੈਪਨੀ ਲੈ ਕੇ ਖੜ੍ਹਾ ਸੀ। ਇਸ ਦੌਰਾਨ ਚੰਡੀਗੜ੍ਹ ਵੱਲੋਂ ਇਕ ਕੈਂਟਰ ਆਇਆ। ਉਸ ਦੇ ਚਾਲਕ ਨੇ ਨਰੇਸ਼ ਕੌਸ਼ਲ ਨੂੰ ਟੱਕਰ ਮਾਰ ਦਿੱਤੀ। ਕੈਂਟਰ ਨਰੇਸ਼ ਦੇ ਉੱਪਰੋਂ ਨਿਕਲ ਜਾਣ ਕਰ ਕੇ ਉਸ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਸ਼ਿਕਾਇਤਕਰਤਾ ਦੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਵਿੱਚ ਟੱਕਰ ਮਾਰਨ ਵਾਲੇ ਕੈਂਟਰ ਦਾ ਡਰਾਈਵਰ ਬਿੰਦਰ ਵੀ ਜ਼ਖ਼ਮੀ ਹੋ ਗਿਆ। ਦੂਜਾ ਹਾਦਸਾ ਛਪਰਾ ਪਿੰਡ ਕੋਲ ਵਾਪਰਿਆ ਜਿੱਥੇ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ 40 ਸਾਲਾ ਚਮਨ ਵਾਸੀ ਬੀਹਟਾ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਵਿਵੇਕ ਜ਼ਖ਼ਮੀ ਹੋ ਗਿਆ। ਦੋਵੇਂ ਛਪਰਾ ਤੋਂ ਆਪਣੇ ਪਿੰਡ ਬੀਹਟਾ ਆ ਰਹੇ ਸਨ। ਪੋਸਟਮਾਰਟਮ ਤੋਂ ਬਾਅਦ ਚਮਨ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।